ਨਿਊਜ਼ ਪੰਜਾਬ
3 ਮਈ 2026
ਗੁਰਦਾਸਪੁਰ ਦੇ ਕਾਹਨੂੰਵਾਨ ਇਲਾਕੇ ਦੇ ਪਿੰਡ ਭਿਖਾਰੀ ਹਾਰਨੀਆਂ ਵਿੱਚ ਉਸ ਵੇਲੇ ਸੋਗ ਦੀ ਲਹਿਰ ਦੌੜ ਗਈ, ਜਦੋਂ ਕ੍ਰਿਕਟ ਟੂਰਨਾਮੈਂਟ ਦੀ ਤਿਆਰੀ ਕਰਦੇ ਸਮੇਂ ਇੱਕ ਨੌਜਵਾਨ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਨਾਲ ਸੰਪਰਕ ਵਿੱਚ ਆ ਕੇ ਮੌਕੇ ‘ਤੇ ਹੀ ਜਾਨ ਗੁਆ ਬੈਠਾ। ਲੋਹੇ ਦਾ ਪਾਈਪ ਤਾਰਾਂ ਨਾਲ ਟਕਰਾਉਣ ਕਾਰਨ ਵੱਡਾ ਧਮਾਕਾ ਹੋਇਆ ਅਤੇ ਨੌਜਵਾਨ ਕਰੰਟ ਦੀ ਲਪੇਟ ਵਿੱਚ ਆ ਗਿਆ, ਜਿਸ ਨਾਲ ਉਸਦੀ ਦਰਦਨਾਕ ਮੌਤ ਹੋ ਗਈ।
ਪ੍ਰਾਪਤ ਜਾਣਕਾਰੀ ਮੁਤਾਬਕ ਅੱਜ ਦੁਪਹਿਰ ਸਮੇਂ ਇੰਦਰਜੀਤ ਸਿੰਘ ਪੁੱਤਰ ਕਿਰਪਾਲ ਸਿੰਘ ਪਿੰਡ ਵਿੱਚ ਕੁਝ ਦਿਨਾਂ ਬਾਅਦ ਹੋਣ ਵਾਲੇ ਕ੍ਰਿਕਟ ਟੂਰਨਾਮੈਂਟ ਲਈ ਆਪਣੇ ਸਾਥੀਆਂ ਦੇ ਨਾਲ ਗਰਾਉਂਡ ਦੇ ਚਾਰ-ਚੁਫੇਰੇ ਨੈਟ ਲਗਾ ਰਿਹਾ ਸੀ ਕਿ ਇਸੇ ਦੌਰਾਨ ਇੰਦਰਜੀਤ ਸਿੰਘ ਵੱਲੋਂ ਫੜਿਆ ਲੋਹੇ ਦਾ ਪਾਈਪ ਗਰਾਉਂਡ ਦੇ ਉੱਪਰੋਂ ਲੰਘਦੀਆਂ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਦੇ ਨਾਲ ਜਾ ਟਕਰਾਇਆ, ਜਿਸ ਤੋਂ ਬਾਅਦ ਇੱਕ ਬਹੁਤ ਵੱਡਾ ਧਮਾਕਾ ਹੋਇਆ ਅਤੇ ਉਸਦੀ ਹਾਈ ਵੋਲਟੇਜ ਕਰੰਟ ਦੀ ਲਪੇਟ ‘ਚ ਆਉਣ ਕਾਰਨ ਮੌਕੇ ‘ਤੇ ਹੀ ਮੌਤ ਹੋ ਗਈ।
ਦੱਸਿਆ ਗਿਆ ਹੈ ਕਿ ਕਰੰਟ ਲੱਗਣ ਕਾਰਨ ਮ੍ਰਿਤਕ ਇੰਦਰਜੀਤ ਸਿੰਘ ਦੇ ਸਰੀਰ ਦਾ ਕਾਫੀ ਹਿੱਸਾ ਵੀ ਝੁਲਸ ਗਿਆ, ਜਿਸ ਤੋਂ ਬਾਅਦ ਇੰਦਰਜੀਤ ਸਿੰਘ ਨੂੰ ਉਚੇਰੇ ਇਲਾਜ ਲਈ ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਪਰ ਹਸਪਤਾਲ ਦੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਡਾਕਟਰਾਂ ਵੱਲੋਂ ਮ੍ਰਿਤਕ ਐਲਾਨ ਕਰਨ ਦੇ ਬਾਵਜੂਦ ਵੀ ਪਰਿਵਾਰ ਵਾਲਿਆਂ ਵੱਲੋਂ ਉਸ ਨੂੰ ਬਚਾਉਣ ਦੀ ਜੱਦੋ-ਜਹਿਦ ਕਰਦਿਆਂ ਉਸ ਦੇ ਸਰੀਰ ਨੂੰ ਜਮੀਨ ਵਿੱਚ ਵਿੱਚ ਡੂੰਘਾ ਖੱਡਾ ਪੁੱਟ ਕੇ ਦਬਾਇਆ ਗਿਆ ਸੀ ਕਿ ਸ਼ਾਇਦ ਉਸਦੀ ਕਿਸੇ ਤਰ੍ਹਾਂ ਜਾਨ ਬਚ ਜਾਵੇ।
ਜਾਣਕਾਰੀ ਅਨੁਸਾਰ, ਇੰਦਰਜੀਤ ਸਿੰਘ ਇੰਡੇਨ ਗੈਸ ਏਜੰਸੀ ਕਾਹਨੂੰਵਾਨ ਵਿੱਚ ਟਰੱਕ ਡਰਾਈਵਰ ਵਜੋਂ ਗੈਸ ਸਿਲੰਡਰ ਦੀ ਸਪਲਾਈ ਕਰਨ ਦਾ ਕੰਮ ਕਰਦਾ ਸੀ। ਉਹ ਆਪਣੇ ਪਿੱਛੇ ਆਪਣੇ ਬਜ਼ੁਰਗ ਮਾਤਾ-ਪਿਤਾ, ਪਤਨੀ ਅਤੇ ਸੱਤ ਮਹੀਨਿਆਂ ਦੇ ਬੇਟੇ ਨੂੰ ਛੱਡ ਗਿਆ ਹੈ। ਇਸ ਘਟਨਾ ਸਬੰਧੀ ਸੂਚਨਾ ਮਿਲਣ ‘ਤੇ ਮੌਕੇ ‘ਤੇ ਪੁੱਜੀ ਕਾਹਨੂੰਵਾਨ ਪੁਲਿਸ ਨੂੰ ਮਿਰਤਕ ਦੇ ਪਰਿਵਾਰ ਵਾਲਿਆਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਕਾਨੂੰਨੀ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ।
