ਨਿਊਜ਼ ਪੰਜਾਬ
28 ਅਗਸਤ,2026
ਪੰਜਾਬੀ ਗਾਇਕ ਰਵਿੰਦਰ ਗਰੇਵਾਲ ਨਾਲ 92 ਲੱਖ ਰੁਪਏ ਦੀ ਲੈਂਡ ਕਰੂਜ਼ਰ ਕਾਰ ਖਰੀਦਣ ਦੇ ਮਾਮਲੇ ਵਿੱਚ ਕਥਿਤ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਗਰੇਵਾਲ ਮੁਤਾਬਕ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਕਾਰ ਦਾ ਇਸ਼ਤਿਹਾਰ ਦੇਖਣ ਤੋਂ ਬਾਅਦ ਮੋਹਾਲੀ ਦੇ ਰਹਿਣ ਵਾਲੇ ਅਜੈ ਨਾਮਕ ਵਿਅਕਤੀ ਨਾਲ ਸੰਪਰਕ ਕੀਤਾ।
ਮੁਲਜ਼ਮ ਦਿੱਲੀ ਤੋਂ ਕਾਰ ਲੈ ਕੇ ਉਨ੍ਹਾਂ ਦੇ ਘਰ ਪਹੁੰਚਿਆ ਅਤੇ ਕਾਰ ਨੂੰ ਫਰਸਟ ਓਨਰ ਦੱਸਦਿਆਂ ਇਸ ਦੀ ਹਾਲਤ ਦੀ ਪੂਰੀ ਗਾਰੰਟੀ ਦਿੱਤੀ। ਕਾਰ ਖਰੀਦਣ ਤੋਂ ਬਾਅਦ ਕਰੀਬ 6 ਮਹੀਨੇ ਤੱਕ ਰਜਿਸਟ੍ਰੇਸ਼ਨ ਸਰਟੀਫਿਕੇਟ ਦੇਣ ਵਿੱਚ ਟਾਲਮਟੋਲ ਕੀਤੀ ਗਈ। ਜਦੋਂ ਜੁਲਾਈ ਵਿੱਚ ਆਰਸੀ ਮਿਲੀ ਤਾਂ ਉਸ ’ਤੇ ਥਰਡ ਓਨਰ ਦਰਜ ਸੀ। ਗਰੇਵਾਲ ਨੇ ਆਰਟੀਓ ਦਫ਼ਤਰ ਵਿੱਚ ਰਿਕਾਰਡ ਦੀ ਜਾਂਚ ਕਰਵਾਈ ਤਾਂ ਸਿਸਟਮ ਵਿੱਚ ਕਾਰ ਫੋਰਥ ਓਨਰ ਦੇ ਨਾਮ ਦਰਜ ਹੋਣ ਦੀ ਗੱਲ ਸਾਹਮਣੇ ਆਈ। ਇਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ, ਜਿਸ ’ਤੇ ਮੋਹਾਲੀ ਅਤੇ ਦਿੱਲੀ ਨਾਲ ਸਬੰਧਤ ਪੰਜ ਕਾਰ ਡੀਲਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
