ਨਿਊਜ਼ ਪੰਜਾਬ
26 ਅਪ੍ਰੈਲ 2026
ਪੰਜਾਬ ਸਰਕਾਰ ਨੇ ਬੱਚਿਆਂ ਅਤੇ ਨੌਜਵਾਨਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਇੱਕ ਮਹੱਤਵਪੂਰਨ ਪ੍ਰਸ਼ਾਸਨਿਕ ਕਦਮ ਚੁੱਕਿਆ ਹੈ। ਰਾਜ ਦੇ ਫੂਡ ਸੇਫਟੀ ਕਮਿਸ਼ਨਰ ਕਮਲਜੀਤ ਸਿੰਘ ਬਰਾੜ ਦੇ ਹੁਕਮਾਂ ਅਨੁਸਾਰ ਸੂਬੇ ਦੇ ਸਾਰੇ ਸਕੂਲਾਂ ਦੀਆਂ ਕੈਂਟੀਨਾਂ ਅਤੇ ਸਕੂਲਾਂ ਦੇ ਨਿਰਧਾਰਿਤ ਇਲਾਕੇ ਅੰਦਰ ਐਨਰਜੀ ਡਰਿੰਕਸ ਦੀ ਵਿਕਰੀ ‘ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਗਈ ਹੈ। ਇਹ ਪਾਬੰਦੀ 21 ਅਪ੍ਰੈਲ ਤੋਂ ਇੱਕ ਸਾਲ ਲਈ ਲਾਗੂ ਰਹੇਗੀ। ਨਵੇਂ ਨਿਯਮਾਂ ਅਨੁਸਾਰ ਪੇਂਡੂ ਖੇਤਰਾਂ ਵਿੱਚ 100 ਮੀਟਰ ਅਤੇ ਸ਼ਹਿਰੀ ਇਲਾਕਿਆਂ ਵਿੱਚ 50 ਮੀਟਰ ਦੇ ਦਾਇਰੇ ਅੰਦਰ ਐਨਰਜੀ ਡਰਿੰਕਸ ਨਹੀਂ ਵੇਚੀਆਂ ਜਾ ਸਕਣਗੀਆਂ। ਸਰਕਾਰ ਨੇ ਚੇਤਾਵਨੀ ਦਿੱਤੀ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006 ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮਾਹਿਰਾਂ ਦੇ ਅਨੁਸਾਰ, ਇਨ੍ਹਾਂ ਡਰਿੰਕਸ ਵਿੱਚ ਮੌਜੂਦ ਕੈਫੀਨ ਅਤੇ ਹੋਰ ਤੱਤ ਬੱਚਿਆਂ ਦੀ ਸਿਹਤ ਲਈ ਹਾਨੀਕਾਰਕ ਹਨ, ਜੋ ਦਿਲ ਦੀਆਂ ਬਿਮਾਰੀਆਂ, ਮਾਨਸਿਕ ਤਣਾਅ ਅਤੇ ਅੰਦਰੂਨੀ ਅੰਗਾਂ ‘ਤੇ ਬੁਰਾ ਅਸਰ ਪਾ ਸਕਦੇ ਹਨ।
