ਨਿਊਜ਼ ਪੰਜਾਬ
24 ਅਪ੍ਰੈਲ 2026
Ministry of Home Affairs ਦੇ ਨਿਰਦੇਸ਼ਾਂ ‘ਤੇ ਅੱਜ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਯੁੱਧ ਵਰਗੀ ਐਮਰਜੈਂਸੀ ਸਥਿਤੀ ਨਾਲ ਨਿਪਟਣ ਲਈ ਮੌਕ ਡ੍ਰਿਲ ਕੀਤੀ ਜਾ ਰਹੀ ਹੈ। ਇਸ ਦੌਰਾਨ ਸ਼ਾਮ 8:00 ਵਜੇ ਤੋਂ 8:15 ਵਜੇ ਤੱਕ 15 ਮਿੰਟ ਲਈ ਬਲੈਕਆਊਟ ਰਹੇਗਾ ਅਤੇ ਸਾਇਰਨ ਵਜਾਏ ਜਾਣਗੇ। ਡ੍ਰਿਲ ਦੀ ਸ਼ੁਰੂਆਤ ਏਅਰ ਰੈੱਡ ਚੇਤਾਵਨੀ ਸਿਗਨਲ ਨਾਲ ਹੋਵੇਗੀ, ਜਿਸ ਵਿੱਚ 2 ਮਿੰਟ ਤੱਕ ਹਾਈ-ਲੋ ਪਿਚ ਦੇ ਸਾਇਰਨ ਵਜਣਗੇ। ਇਸ ਤੋਂ ਬਾਅਦ ਡਿਪਟੀ ਕਮਿਸ਼ਨਰਾਂ ਵੱਲੋਂ ਵੱਖ-ਵੱਖ ਇਲਾਕਿਆਂ ਵਿੱਚ ਬਲੈਕਆਊਟ ਲਾਗੂ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਗੈਰ-ਜ਼ਰੂਰੀ ਬੱਤੀਆਂ ਬੰਦ ਰੱਖਣ ਲਈ ਕਿਹਾ ਗਿਆ ਹੈ। ਬਲੈਕਆਊਟ ਦੌਰਾਨ ਜਨਰੇਟਰ ਅਤੇ ਟਾਰਚ ਦੇ ਇਸਤੇਮਾਲ ‘ਤੇ ਵੀ ਰੋਕ ਰਹੇਗੀ, ਜਦਕਿ ਜ਼ਰੂਰੀ ਸੇਵਾਵਾਂ ਆਮ ਤਰ੍ਹਾਂ ਚੱਲਦੀਆਂ ਰਹਿਣਗੀਆਂ। ਅਖੀਰ ਵਿੱਚ 2 ਮਿੰਟ ਦਾ ਲਗਾਤਾਰ ਸਾਇਰਨ ਵੱਜੇਗਾ ਜੋ ‘ਆਲ ਕਲੀਅਰ’ ਦਾ ਸੰਕੇਤ ਹੋਵੇਗਾ। ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਘਬਰਾਉਣ ਦੀ ਲੋੜ ਨਹੀਂ ਅਤੇ ਇਸ ਅਭਿਆਸ ਵਿੱਚ ਪੂਰਾ ਸਹਿਯੋਗ ਦਿੱਤਾ ਜਾਵੇ।
