ਵਿਦੇਸ਼ ਤੋਂ ਆਉਣ ਵਾਲਿਆਂ ਨੂੰ 7 ਦਿਨ ਇਕਾਂਤਵਾਸ ‘ਚ ਰੱਖ ਕੇ ਭੇਜਿਆ ਜਾਵੇਗਾ ਘਰ – ਨਵਾਂ ਸ਼ਹਿਰ ਜ਼ਿਲ੍ਹੇ ਚ ਸਿਹਤ ਵਿਭਾਗ ਵਲੋਂ ਕੋਰੋਨਾ ਜਾਂਚ ਲਈ ਕੁੱਲ 5644 ਵਿਅਕਤੀਆਂ ਦੇ ਨਮੂਨੇ ਲਏ ਗਏ

ਨਿਊਜ਼ ਪੰਜਾਬ

ਨਵਾਂ ਸ਼ਹਿਰ, 14 ਜੂਨ – ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਸ਼ਹੀਦ ਭਗਤ ਸਿੰਘ ਨਗਰ ਨੇ ਜ਼ਿਲ੍ਹੇ ਚ ਮਿਸ਼ਨ ਫਤਿਹ ਤਹਿਤ ਕੋਵਿਡ ਸਬੰਧੀ ਲੋਕ ਜਾਗਰੂਕਤਾ ਮੁਹਿੰਮ ਅਤੇ ਸ਼ੱਕੀ ਮਰੀਜ਼ਾਂ ਦੀ ਜਾਂਚ ਚ ਤੇਜ਼ੀ ਲਿਆਂਦੀ ਹੈ।

ਸਿਵਲ ਸਰਜਨ ਡਾਕਟਰ ਰਾਜਿੰਦਰ ਭਾਟੀਆ ਨੇ ਅੱਜ ਇਥੇ ਦੱਸਿਆ ਕਿ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਸ. ਬਲਬੀਰ ਸਿੰਘ ਸਿੱਧੂ ਦੇ ਆਦੇਸ਼ਾਂ ਤੇ ਜਿੱਥੇ ਸਿਹਤ ਵਿਭਾਗ ਦੀਆਂ ਜਾਂਚ ਟੀਮਾਂ ਅਤੇ ਆਂਗਣਵਾੜੀ ਵਰਕਰਾਂ ਲੋਕਾਂ ਚ ਕੋਵਿਡ ਪ੍ਰਤੀ ਜਾਗਰੂਕਤਾ ਪੈਦਾ ਕਰ ਰਹੀਆਂ ਹਨ ਉੱਥੇ ਹੀ ਪਿੰਡਾਂ ਚ ਹਰੇਕ ਬਾਹਰੋਂ ਆਉਣ ਵਾਲੇ ਦੀ ਸੂਚਨਾ ਵਿਸ਼ੇਸ਼ ਤੌਰ ਤੇ ਇਕੱਠੀ ਕੀਤੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਚ ਵਿਦੇਸ਼ ਤੋਂ ਆਉਣ ਵਾਲੇ ਨੂੰ ਉਸ ਦੀ ਇੱਛਾ ਮੁਤਾਬਕ ਸਟੇਟ ਇਕਾਂਤਵਾਸ ਜਾਂ ਹੋਟਲ ਚ 7 ਦਿਨ ਰੱਖ ਕੇ, ਉਸ ਦਾ ਟੈਸਟ ਸਹੀ ਆਉਣ ਤੇ ਅਗਲਾ ਹਫ਼ਤਾ ਘਰ ਇਕਾਂਤਵਾਸ ਚ ਭੇਜ ਦਿੱਤਾ ਜਾਂਦਾ ਹੈ। ਬਾਹਰਲੇ ਰਾਜ ਤੋਂ ਆਉਣ ਵਾਲੇ ਨੂੰ ਘਰ ਚ ਹੀ 14 ਦਿਨ ਦਾ ਇਕਾਂਤਵਾਸ ਕਰਵਾਇਆ ਜਾ ਰਿਹਾ ਹੈ ਜਦਕਿ ਟੈਸਟ ਪਾਜ਼ਿਟਿਵ ਆਉਣ ਤੇ 10 ਦਿਨ ਹਸਪਤਾਲ ਰੱਖਿਆ ਜਾਂਦਾ ਹੈ ਅਤੇ ਹਸਪਤਾਲ ਚ ਰੱਖਣ ਦੌਰਾਨ ਬਿਮਾਰੀ ਨਾਲ ਸਬੰਧਤ ਕੋਈ ਲੱਛਣ ਨਾ ਆਉਣ ਤੇ ਅਗਲੇ 7 ਦਿਨ ਘਰੇਲੂ ਇਕਾਂਤਵਾਸ ਚ ਭੇਜ ਦਿੱਤਾ ਜਾਂਦਾ ਹੈ।

ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਚ ਹੁਣ ਤਕ 119 ਪਾਜ਼ਿਟਿਵ ਕੇਸ ਆ ਚੁੱਕੇ ਹਨ ਜਿਨ੍ਹਾਂ ਚੋਂ 17 ਹਸਪਤਾਲ ਚ ਰੱਖੇ ਗਏ ਹਨ ਜਦਕਿ ਬਾਕੀ ਠੀਕ ਹੋ ਕੇ ਜਾ ਚੁੱਕੇ ਹਨ ਜਦਕਿ ਇਕ ਦੀ ਮੌਤ ਹੋ ਚੁੱਕੀ ਹੈ।

ਡਾਕਟਰ ਭਾਟੀਆ ਅਨੁਸਾਰ ਜ਼ਿਲ੍ਹੇ ਚੋਂ ਸੈਂਪਲ ਲੈਣ ਦੀ ਗਿਣਤੀ ਵਧਾ ਦਿੱਤੀ ਗਈ ਹੈ, ਜਿਸ ਲਈ 11 ਟੀਮਾਂ ਲਾਈਆਂ ਹੋਈਆਂ ਹਨ ਜਦਕਿ 25 ਸਰਵੇਲੈਂਸ ਟੀਮਾਂ ਕਿਸੇ ਵੀ ਆਸ਼ਾ ਵਰਕਰ ਵੱਲੋਂ ਸ਼ੱਕੀ ਮਰੀਜ਼ ਦੀ ਸੂਚਨਾ  ਦਿੱਤੇ ਜਾਣ ਜਾਂ ਕੋਵਿਡ ਸਬੰਧੀ ਜ਼ਿਲ੍ਹਾ ਹੈਲਪ ਲਾਈਨ ਤੇ ਪ੍ਰਾਪਤ ਸੂਚਨਾ ਦੇ ਅਧਾਰ ਤੇ ਸਰਗਰਮ ਰਹਿੰਦੀਆਂ ਹਨ। ਉਨ੍ਹਾਂ ਦੱਸਿਆ ਕਿ ਮੋਰ ਸਟੋਰ ਦੇ ਇੱਕ ਕਰਮਚਾਰੀ ਦੇ ਪਾਜ਼ਿਟਿਵ ਆਉਣ ਬਾਅਦ ਉਸ ਦੀ ਲਾਗ ਦਾ ਸੋਮਾ ਲੱਭਿਆ ਜਾ ਰਿਹਾ ਹੈ।

ਜ਼ਿਲ੍ਹੇ ਚ ਲਏ ਗਏ ਸੈਂਪਲਾਂ ਦਾ ਵੇਰਵਾ ਦਿੰਦਿਆਂ ਉਨ੍ਹਾਂ ਦੱਸਿਆ ਕਿ ਕੁੱਲ  5644 ਵਿਅਕਤੀਆਂ ਦੇ ਨਮੂਨੇ ਲਏ ਜਾ ਚੁੱਕੇ ਹਨ, ਜਿਨ੍ਹਾਂ ਚੋਂ 5113 ਨੈਗੇਟਿਵ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ 412 ਨਮੂਨਿਆਂ ਦੀ ਰਿਪੋਰਟ ਉਡੀਕੀ ਜਾ ਰਹੀ ਹੈ, ਜਿਸ ਵਿਚ ਅੱਜ ਲਏ ਗਏ ਸੈਂਪਲ ਵੀ ਸ਼ਾਮਿਲ ਹਨ।

ਉਨ੍ਹਾਂ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਕੋਰੋਨਾ ਤੋਂ ਘਬਰਾਉਣ ਦੀ ਬਜਾਏ ਸਾਵਧਾਨੀਆਂ ਤੇ ਵਧੇਰੇ ਜ਼ੋਰ ਦੇਣ ਲਈ ਕਿਹਾ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਸਮਾਜਿਕ ਦੂਰੀ, ਬਾਹਰ ਨਿਕਲਣ ਤੋਂ ਪਹਿਲਾਂ ਮਾਸਕ ਪਹਿਨਣ, ਹੱਥਾਂ ਨੂੰ ਵਾਰ ਵਾਰ ਸਾਬਣ ਨਾਲ ਧੋਣ, ਜਨਤਕ ਥਾਵਾਂ ਤੇ ਨਾ ਥੁੱਕਣ, 65 ਸਾਲ  ਤੋਂ ਉਪਰ ਦੇ ਬਜ਼ੁਰਗਾਂ, 10 ਸਾਲ ਤੋਂ ਘੱਟ ਦੇ ਬੱਚਿਆਂ ਤੇ ਗਰਭਵਤੀ ਔਰਤਾਂ ਦੇ ਬਿਨਾਂ ਜ਼ਰੂਰੀ ਕੰਮ ਬਾਹਰ ਨਾ ਨਿਕਲਣ ਅਤੇ ਇਕਾਂਤਵਾਸ ਨੂੰ ਮਿੱਥੇ ਦਿਨਾਂ ਮੁਤਾਬਕ ਪੂਰਾ ਕਰਨ ਅਤੇ ਦੂਸਰੇ ਰਾਜਾਂ ਚੋਂ ਆ ਰਹੀ ਝੋਨਾ ਲਾਉਣ ਵਾਲੀ ਲੇਬਰ ਨੂੰ ਸਥਾਨਕ ਵਸੋਂ ਨਾਲ ਨਾ ਰਲਾਉਣ ਅਤੇ ਕੋਰੋਨਾ ਲੱਛਣ ਆਉਣ ਤੇ ਤੁਰੰਤ ਉਸ ਦੀ ਸਿਹਤ ਵਿਭਾਗ ਨੂੰ 01823- 227470,227471 ਤੇ ਸੂਚਨਾ ਦੇਣ, ਜਿਹੀਆਂ ਸਾਵਧਾਨੀਆਂ ਤੇ ਨਿਯਮਤ ਰੂਪ ਚ ਸਖਤੀ ਨਾਲ ਅਮਲ ਕਰ ਲਈਏ ਤਾਂ ਅਸੀਂ ਮਿਸ਼ਨ ਫਤਿਹ ਦੀ ਅਸਲ ਭਾਵਨਾ ਨੂੰ ਸਮਝ ਕੇ, ਕੋਰੋਨਾ ਨੂੰ ਹਰਾਉਣ ਚ ਸਫ਼ਲ ਹੋ ਜਾਵਾਂਗੇ।