ਅੰਮ੍ਰਿਤਸਰ ਦੇ ਅਦਲੀਵਾਲ ‘ਚ ਪੰਚਾਇਤ ਦਾ ਸਖ਼ਤ ਫੈਸਲਾ: ਬਿਨਾਂ ਸਹਿਮਤੀ ਵਿਆਹ ਕਰਨ ਵਾਲਿਆਂ ਦਾ ਸਮਾਜਿਕ ਬਾਈਕਾਟ

ਨਿਊਜ਼ ਪੰਜਾਬ

6 ਅਪ੍ਰੈਲ 2026

ਅੰਮ੍ਰਿਤਸਰ ਦੇ ਹਰਸਾ ਛੀਨਾ ਅਧੀਨ ਪੈਂਦੇ ਅਦਲੀਵਾਲ ਬਲਾਕ ਵਿੱਚ ਪੰਚਾਇਤ ਅਤੇ ਪਿੰਡ ਦੀ ਆਮ ਸਭਾ ਵੱਲੋਂ ਸਮਾਜਿਕ ਵਿਵਸਥਾ ਨੂੰ ਕਾਇਮ ਰੱਖਣ ਲਈ ਇੱਕ ਵੱਡਾ ਫੈਸਲਾ ਲਿਆ ਗਿਆ ਹੈ। ਸਰਬਸੰਮਤੀ ਨਾਲ ਪਾਸ ਕੀਤੇ ਮਤੇ ਅਨੁਸਾਰ, ਬਿਨਾਂ ਪਰਿਵਾਰਕ ਸਹਿਮਤੀ ਕਰਵਾਏ ਗਏ ਵਿਆਹਾਂ ਵਾਲਿਆਂ ਦਾ ਸਮਾਜਿਕ ਬਾਈਕਾਟ ਕੀਤਾ ਜਾਵੇਗਾ। ਪੰਚਾਇਤ ਦਾ ਮੰਨਣਾ ਹੈ ਕਿ ਅਜਿਹੇ ਵਿਆਹ ਪਰਿਵਾਰਕ ਝਗੜਿਆਂ ਅਤੇ ਤਣਾਅ ਨੂੰ ਜਨਮ ਦੇਂਦੇ ਹਨ, ਜਿਸ ਨਾਲ ਪਿੰਡ ਦਾ ਮਾਹੌਲ ਖਰਾਬ ਹੁੰਦਾ ਹੈ।

ਫੈਸਲੇ ਅਨੁਸਾਰ, ਅਜਿਹੇ ਜੋੜਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਪਿੰਡ ਵਾਸੀ ਕੋਈ ਸੰਪਰਕ ਨਹੀਂ ਰੱਖਣਗੇ ਅਤੇ ਨਾ ਹੀ ਉਨ੍ਹਾਂ ਨੂੰ ਸਮਾਜਿਕ ਜਾਂ ਪ੍ਰਸ਼ਾਸਨਿਕ ਸਹਾਇਤਾ ਦਿੱਤੀ ਜਾਵੇਗੀ। ਇਸਦੇ ਨਾਲ ਹੀ ਪੰਚਾਇਤ ਨੇ ਨਸ਼ਿਆਂ ਦੇ ਖ਼ਿਲਾਫ਼ ਵੀ ਸਖ਼ਤ ਰੁਖ਼ ਅਪਣਾਉਂਦੇ ਹੋਏ ਐਲਾਨ ਕੀਤਾ ਕਿ ਨਸ਼ਾ ਵੇਚਣ ਵਾਲਿਆਂ ਦਾ ਕੋਈ ਸਮਰਥਨ ਨਹੀਂ ਕੀਤਾ ਜਾਵੇਗਾ। ਇਹ ਫੈਸਲੇ ਪਿੰਡ ਵਿੱਚ ਅਨੁਸ਼ਾਸਨ ਬਣਾਈ ਰੱਖਣ ਅਤੇ ਸਮਾਜਿਕ ਵਿਵਾਦਾਂ ਨੂੰ ਘਟਾਉਣ ਦੇ ਉਦੇਸ਼ ਨਾਲ ਲਏ ਗਏ ਹਨ।