ਹਿਮਾਚਲ ਜਾਣ ਵਾਲਿਆਂ ਲਈ ਵੱਡੀ ਰਾਹਤ: ਐਂਟਰੀ ਟੈਕਸ ‘ਚ ਸਾਰੇ ਵਾਹਨਾਂ ‘ਚ 30 ਤੋਂ 250 ਰੁਪਏ ਦੀ ਹੋਈ ਕਟੌਤੀ

ਨਿਊਜ਼ ਪੰਜਾਬ

3 ਅਪ੍ਰੈਲ 2026

ਹਿਮਾਚਲ ਪ੍ਰਦੇਸ਼ ਜਾਣ ਵਾਲਿਆਂ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਸੂਬਾ ਸਰਕਾਰ ਵੱਲੋਂ ਐਂਟਰੀ ਟੈਕਸ ਵਿੱਚ ਵੱਡੀ ਕਟੌਤੀ ਕੀਤੀ ਗਈ ਹੈ, ਜਿਸ ਨਾਲ ਯਾਤਰੀਆਂ ਅਤੇ ਵਾਹਨ ਮਾਲਕਾਂ ਨੂੰ ਸਿੱਧਾ ਲਾਭ ਮਿਲੇਗਾ। ਨਵੇਂ ਫੈਸਲੇ ਅਨੁਸਾਰ ਸਾਰੇ ਵਾਹਨਾਂ ‘ਤੇ 30 ਤੋਂ 250 ਰੁਪਏ ਤੱਕ ਦੀ ਕਟੌਤੀ ਕੀਤੀ ਗਈ ਹੈ। ਹੁਣ 5 ਸੀਟਰ ਗੱਡੀ ਲਈ 130 ਦੀ ਥਾਂ ਸਿਰਫ 70 ਰੁਪਏ ਅਤੇ 6 ਤੋਂ 12 ਸੀਟਰ ਵਾਹਨਾਂ ਲਈ 130 ਦੀ ਥਾਂ 100 ਰੁਪਏ ਐਂਟਰੀ ਟੈਕਸ ਦੇਣਾ ਪਵੇਗਾ। ਟਰੱਕ ਚਾਲਕਾਂ ਲਈ ਵੀ ਵੱਡੀ ਰਾਹਤ ਦਿੱਤੀ ਗਈ ਹੈ—2 ਐਕਸਲ ਵਾਲੇ ਟਰੱਕਾਂ ਦਾ ਟੈਕਸ 570 ਤੋਂ ਘਟਾ ਕੇ 320 ਰੁਪਏ ਅਤੇ 3 ਐਕਸਲ ਵਾਲਿਆਂ ਦਾ 600 ਤੋਂ ਘਟਾ ਕੇ 570 ਰੁਪਏ ਕਰ ਦਿੱਤਾ ਗਿਆ ਹੈ।

ਇਸ ਤੋਂ ਇਲਾਵਾ ਸੂਬੇ ਵਿੱਚ ਰਜਿਸਟਰਡ ਹਲਕੇ ਵਾਹਨਾਂ ਨੂੰ ਐਂਟਰੀ ਟੈਕਸ ਤੋਂ ਮੁਕਤ ਕਰ ਦਿੱਤਾ ਗਿਆ ਹੈ। ਇਹ ਫੈਸਲਾ ਖਾਸ ਤੌਰ ‘ਤੇ ਟੈਂਪੂ, ਟਰੱਕ ਅਤੇ ਟਿੱਪਰ ਚਾਲਕਾਂ ਲਈ ਵੱਡੀ ਰਾਹਤ ਸਾਬਤ ਹੋਇਆ ਹੈ। ਕਾਫੀ ਸਮੇਂ ਤੋਂ ਪੰਜਾਬ-ਹਿਮਾਚਲ ਵਿਚ ਚੱਲ ਰਹੇ ਵਿਵਾਦ ਅਤੇ ਹੜਤਾਲਾਂ ਤੋਂ ਬਾਅਦ ਸਰਕਾਰ ਦੇ ਇਸ ਕਦਮ ਨਾਲ ਮਾਹੌਲ ਸ਼ਾਂਤ ਹੋਣ ਦੀ ਉਮੀਦ ਹੈ। ਨਾਲ ਹੀ, ਸਰਹੱਦੀ ਇਲਾਕਿਆਂ ਵਿੱਚ ਰਹਿੰਦੇ ਲੋਕਾਂ ਨੂੰ ਵੀ ਵੱਡਾ ਲਾਭ ਮਿਲੇਗਾ, ਜਿਸ ਨਾਲ ਆਵਾਜਾਈ ਹੋਰ ਆਸਾਨ ਬਣੇਗੀ।