ਖੰਨਾ ‘ਚ ਜਾਅਲੀ ਮੈਡੀਕਲ ਸਰਟੀਫਿਕੇਟ ਤੇ ਡੋਪ ਟੈਸਟ ਰੈਕੇਟ ਬੇਨਕਾਬ, 23 ਸਾਲਾ ਮਾਸਟਰਮਾਈਂਡ ਸਮੇਤ 2 ਗ੍ਰਿਫਤਾਰ

ਨਿਊਜ਼ ਪੰਜਾਬ

1 ਅਪ੍ਰੈਲ 2026

ਪੰਜਾਬ ਦੇ ਖੰਨਾ ਵਿੱਚ ਪੁਲਿਸ ਨੇ ਵੱਡੇ ਜਾਅਲੀ ਮੈਡੀਕਲ ਸਰਟੀਫਿਕੇਟ ਅਤੇ ਡੋਪ ਟੈਸਟ ਰੈਕੇਟ ਦਾ ਪਰਦਾਫਾਸ਼ ਕਰਦੇ ਹੋਏ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਗਿਰੋਹ ਦਾ ਮਾਸਟਰਮਾਈਂਡ 23 ਸਾਲਾ BBA ਡਰਾਪਆਉਟ ਮੰਚਿਤ ਕੁਮਾਰ ਨਿਕਲਿਆ, ਜੋ ਆਪਣੇ ਸਾਥੀ ਰਮੇਸ਼ ਕੁਮਾਰ ਉਰਫ ਟੋਨੀ ਨਾਲ ਮਿਲ ਕੇ ਲੰਮੇ ਸਮੇਂ ਤੋਂ ਇਹ ਗੈਰਕਾਨੂੰਨੀ ਧੰਦਾ ਚਲਾ ਰਿਹਾ ਸੀ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਮੁਲਜ਼ਮ ਜਾਅਲੀ ਡੋਪ ਟੈਸਟ, ਨਕਲੀ ਮੈਡੀਕਲ ਸਰਟੀਫਿਕੇਟ ਅਤੇ ਸਰਕਾਰੀ ਨੌਕਰੀਆਂ ਤੇ ਅਸਲਾ ਲਾਇਸੈਂਸ ਲਈ ਫਰਜ਼ੀ ਰਿਪੋਰਟਾਂ ਤਿਆਰ ਕਰਦੇ ਸਨ। ਦੋਵੇਂ ਹਸਪਤਾਲਾਂ ਦੇ ਪਾਰਕਿੰਗ ਸਟੈਂਡ ਦੀ ਆੜ ਵਿੱਚ ਇਹ ਰੈਕੇਟ ਚਲਾ ਰਹੇ ਸਨ ਅਤੇ ਇੱਕ ਡੋਪ ਟੈਸਟ ਲਈ 10 ਤੋਂ 30 ਹਜ਼ਾਰ ਰੁਪਏ ਵਸੂਲਦੇ ਸਨ। ਪੁਲਿਸ ਵੱਲੋਂ ਵੱਡੀ ਮਾਤਰਾ ਵਿੱਚ ਜਾਅਲੀ ਮੋਹਰਾਂ ਅਤੇ ਦਸਤਾਵੇਜ਼ ਬਰਾਮਦ ਕੀਤੇ ਗਏ ਹਨ ਅਤੇ ਮਾਮਲੇ ਵਿੱਚ ਹੋਰ ਖੁਲਾਸਿਆਂ ਦੀ ਸੰਭਾਵਨਾ ਹੈ।