ਦੇਸ਼ ਵਿੱਚ ਕੋਰੋਨਾ ਦੇ ਰੋਜ਼ਾਨਾ 10,000 ਨਵੇਂ ਮਾਮਲੇ ਆਉਣ ਤੇ ਪ੍ਰਧਾਨ ਮੰਤਰੀ ਨੇ ਕੀਤੀ ਮੀਟਿੰਗ – ਦਿੱਲ੍ਹੀ ਦੀ ਹਾਲਤ ਤੇ ਗ੍ਰਹਿ ਮੰਤਰੀ ਨੂੰ ਹੰਗਾਮੀ ਮੀਟਿੰਗ ਕਰਨ ਲਈ ਕਿਹਾ – ਪੰਜ ਰਾਜਾ ਦੇ ਵੱਡੇ ਸ਼ਹਿਰ ਨਿਸ਼ਾਨੇ ‘ਤੇ

ਨਿਊਜ਼ ਪੰਜਾਬ

ਨਵੀ ਦਿੱਲ੍ਹੀ , 13 ਜੂਨ -ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸੀਨੀਅਰ ਮੰਤਰੀਆਂ ਅਤੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਦੇਸ਼  ਵਿੱਚ ਕੋਰੋਨਾ ਦੀ ਸਥਿਤੀ ਨੂੰ ਰੋਕਣ ਲਈ ਚੁੱਕੇ ਜਾ ਰਹੇ ਕਦਮਾਂ ਦੀ ਸਮੀਖਿਆ ਕੀਤੀ। ਦੇਸ਼ ਭਰ ਵਿੱਚ ਕੋਰੋਨਾ  ਦੇ ਵਧਦੇ ਮਾਮਲਿਆਂ ਨੇ ਸਰਕਾਰ ਦੀਆਂ ਚਿੰਤਾਵਾਂ ਨੂੰ ਉਭਾਰਿਆ ਹੈ। ਤਾਲਾਬੰਦੀ ਵਿੱਚ ਢਿੱਲ ਮਿਲਣ ਤੋਂ ਬਾਅਦ ਦੇਸ਼ ਵਿੱਚ ਰੋਜ਼ਾਨਾ 10,000 ਨਵੇਂ ਮਾਮਲੇ ਆ ਰਹੇ ਹਨ |  ਇਸ ਸਮੇਂ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੀ  ਕੁੱਲ ਸੰਖਿਆ ਤਿੰਨ ਲੱਖ ਤੋਂ ਵੀ  ਵੱਧ ਗਈ ਹੈ।

ਮੀਟਿੰਗ ਵਿੱਚ ਦਿੱਲੀ ਸਮੇਤ ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਸਥਿਤੀ ਦਾ ਜਾਇਜ਼ਾ ਲਿਆ ਗਿਆ। ਇਸ ਮੀਟਿੰਗ ਵਿੱਚ ਗ੍ਰਹਿ ਮੰਤਰੀ, ਸਿਹਤ ਮੰਤਰੀ, ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ, ਕੈਬਨਿਟ ਸਕੱਤਰ, ਸਿਹਤ ਸਕੱਤਰ, ਡਾਇਰੈਕਟਰ ਜਨਰਲ, ਕੋਰੋਨਾ ਮਹਾਂਮਾਰੀ ਨੂੰ ਰੋਕਣ ਲਈ ਕੰਮ ਵਿੱਚ ਸਰਕਾਰੀ ਗਰੁੱਪਾਂ ਦੇ ਮੁਖੀ ਵੀ ਸ਼ਾਮਲ ਸਨ |

ਕੋਵਿਡ -19 ਦੇ ਕੁੱਲ ਕੇਸਾਂ ਵਿੱਚੋਂ ਦੋ ਤਿਹਾਈ ਮਾਮਲੇ ਪੰਜ ਰਾਜਾਂ ਵਿੱਚੋ  ਹਨ ਅਤੇ ਵੱਡੀ ਗਿਣਤੀ ਵੱਡੇ ਸ਼ਹਿਰਾਂ ਦੀ  ਹੈ।  ਵੱਡੇ ਸ਼ਹਿਰਾਂ ਨੂੰ ਦਰਪੇਸ਼ ਚੁਣੌਤੀਆਂ ਦੇ ਮੱਦੇਨਜ਼ਰ, ਟੈਸਟਿੰਗ ਵਿੱਚ ਵਾਧੇ ਦੇ ਨਾਲ-ਨਾਲ ਹਸਪਤਾਲਾਂ ਵਿੱਚ  ਬਿਸਤਰਿਆਂ ਦੀ ਗਿਣਤੀ ਵਿੱਚ ਵਾਧਾ ਕਰਨ ਅਤੇ ਰੋਜ਼ਾਨਾ ਦੇ ਮਾਮਲਿਆਂ ਵਿੱਚ ਉੱਚ ਵਿਕਾਸ ਦੀ ਸੂਰਤ ਵਿੱਚ ਸੇਵਾਵਾਂ ਨਾਲ ਪ੍ਰਭਾਵੀ ਤਰੀਕੇ ਨਾਲ ਨਿਪਟਣ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।

 ਰਾਜਧਾਨੀ ਦਿੱਲ੍ਹੀ ਵਿਚ ਕੋਵਿਡ-19 ਦੇ ਮੌਜੂਦਾ ਅਤੇ ਉਭਰਦੇ ਦ੍ਰਿਸ਼ ਬਾਰੇ ਵਿਚਾਰ-ਵਟਾਂਦਰਾ ਕਦਰਦਿਆਂ ਅਗਲੇ ਦੋ ਮਹੀਨਿਆਂ ਲਈ ਅਨੁਮਾਨਾਂ ਬਾਰੇ ਸਲਾਹ ਵੀ ਕੀਤੀ ਗਈ । ਪ੍ਰਧਾਨ ਮੰਤਰੀ ਨੇ ਦਿੱਲੀ ਦੇ ਉਪ ਰਾਜਪਾਲ, ਐਨਸੀਟੀ ਦੇ ਮੁੱਖ ਮੰਤਰੀ ਅਤੇ ਦਿੱਲੀ ਸਰਕਾਰ ਦੇ ਸਾਰੇ ਸੀਨੀਅਰ ਅਧਿਕਾਰੀਆਂ ਨਾਲ ਹੰਗਾਮੀ ਮੀਟਿੰਗ ਦਾ ਸੁਝਾਅ ਦਿੱਤਾ ਤਾਂ ਜੋ ਇਸ ਚੁਣੌਤੀ ਨਾਲ ਨਜਿੱਠਣ ਲਈ ਇਕ ਤਾਲਮੇਲ ਅਤੇ ਸਰਬਪੱਖੀ ਯੋਜਨਾ ਤਿਆਰ ਕੀਤੀ ਜਾ ਸਕੇ।ਉਨ੍ਹਾਂ ਨੇ ਸਿਹਤ ਮੰਤਰਾਲੇ ਨੂੰ ਸਲਾਹ ਦਿੱਤੀ ਕਿ ਮਾਨਸੂਨ ਸ਼ੁਰੂ ਹੋਣ ਦੇ ਮੱਦੇਨਜ਼ਰ ਢੁਕਵੀਆਂ ਤਿਆਰੀਆਂ ਯਕੀਨੀ ਬਣਾਈਆਂ ਜਾਣ।