ਨਵਾਂਸ਼ਹਿਰ ਹਸਪਤਾਲ ’ਚ 100 ਬੈਡ ਆਕਸੀਜਨ ਸੁਵਿਧਾ ਦੇਣ, 10 ਬੈਡ ਦਾ ਆਈ ਸੀ ਯੂ ਤੇ 14 ਬੈਡ ਦਾ ਨਵੀਨਤਮ ਐਮਰਜੈਂਸੀ ਵਾਰਡ ਦਾ ਕੰਮ ਜੰਗੀ ਪੱਧਰ ਤੇ – ਏ ਡੀ ਸੀ ਅਦਿਤਿਆ ਉੱਪਲ ਵੱਲੋਂ ਜਾਇਜ਼ਾ

ਨਿਊਜ਼ ਪੰਜਾਬ
ਨਵਾਂਸ਼ਹਿਰ, 13 ਜੂਨ- ਕੋਵਿਡ-19 ਦੇ ਜ਼ਿਲ੍ਹੇ ’ਚ ਹਮਲੇ ਦੇ ਸ਼ੁਰੂਆਤੀ ਦਿਨਾਂ ’ਚ 100 ਦੇ ਕਰੀਬ ਮਰੀਜ਼ਾਂ ਨੂੰ ਸਹੀ-ਸਲਾਮਤ ਘਰ ਭੇਜਣ ਨਾਲ ਸਮੁੱਚੇ ਰਾਜ ’ਚ ਨਾਮਣਾ ਖੱਟਣ ਵਾਲਾ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਮਿਸ਼ਨ ਫ਼ਤਿਹ ਕੋਵਿਡ-19 ਨਾਲ ਲੜਨ ਦੀ ਅਗਲੀ ਜੰਗ ਲਈ ਤਿਆਰ ਹੋ ਰਿਹਾ ਹੈ।
ਇਹ ਪ੍ਰਗਟਾਵਾ ਆਈਸੋਲੇਸ਼ਨ ਮੈਨੇਜਮੈਂਟ ਕਮੇਟੀ ਵੱਲੋਂ ਜ਼ਿਲ੍ਹਾ ਹਸਪਤਾਲ ਦੇ ਦੌਰੇ ਮੌਕੇ ਏ ਡੀ ਸੀ (ਜ) ਅਦਿਤਿਆ ਉੱਪਲ ਨੇ ਕੀਤਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਹਸਪਤਾਲ ਨੂੰ ਕੋਵਿਡ-19 ਦੇ ਮੱਦੇਨਜ਼ਰ ਅਪਗਰੇਡ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਿਸ ਤਰ੍ਹਾਂ ਜ਼ਿਲ੍ਹਾ ਹਸਪਤਾਲ ਦੇ ਸਟਾਫ਼ ਨੇ ਸਿਵਲ ਸਰਜਨ ਡਾ. ਰਾਜਿੰਦਰ ਭਾਟੀਆ ਅਤੇ ਐਸ ਐਮ ਓ ਡਾ. ਹਰਵਿੰਦਰ ਸਿੰਘ ਦੀ ਅਗਵਾਈ ’ਚ ਪਿਛਲੇ ਦਿਨਾਂ ’ਚ ਕੰਮ ਕਰਕੇ ਆਪਣੀ ਮਾਨਵਤਾ ਪ੍ਰਤੀ ਸੇਵਾ ਦਾ ਲੋਹਾ ਮੰਨਵਾਇਆ, ਉਸ ਦੀ ਮਿਸਾਲ ਮਿਲਣੀ ਮੁਸ਼ਕਿਲ ਹੈ। ਉਨ੍ਹਾਂ ਕਿਹਾ ਕਿ ਜਦੋਂ ਹਰ ਪਾਸੇ ਕੋਵਿਡ ਦਾ ਖੌਫ਼ ਸੀ ਤਾਂ ਜ਼ਿਲ੍ਹਾ ਹਸਪਤਾਲ ਦਾ ਸਟਾਫ਼ ਨਿਡਰਤਾ ਨਾਲ ਇਨ੍ਹਾਂ ਮਰੀਜ਼ਾਂ ਦੀ ਸੇਵਾ ਕਰ ਰਿਹਾ ਸੀ।
ਉਨ੍ਹਾਂ ਦੱਸਿਆ ਕਿ ਹਸਪਤਾਲ ਨੂੰ ਸਰਕਾਰ ਵੱਲੋਂ ਅਗਲੇ ਹਾਲਾਤਾਂ ਨੂੰ ਮੁੱਖ ਰੱਖ ਕੇ ਅਪਗ੍ਰੇਡ ਕੀਤਾ ਜਾ ਰਿਹਾ ਹੈ, ਜਿਸ ਤਹਿਤ 100 ਦੇ 100 ਬੈਡ ਹੀ ਆਕਸੀਜਨ ਨਾਲ ਜੋੜੇ ਜਾ ਰਹੇ ਹਨ। ਇਸ ਤੋਂ ਇਲਾਵਾ 10 ਬੈਡ ਦਾ ਹੀ ਇੰਨਟੈਂਸਿਵ ਕੇਅਰ ਯੂਨਿਟ ਅਤੇ 14 ਬੈਡ ਦਾ ਨਵੀਨਤਮ ਐਮਰਜੈਂਸੀ ਵਾਰਡ ਵੀ ਜੰਗੀ ਪੱਧਰ ’ਤੇ ਤਿਆਰ ਕੀਤਾ ਜਾ ਰਿਹਾ ਹੈ।
ਸਿਵਲ ਸਰਜਨ ਡਾ. ਰਾਜਿੰਦਰ ਭਾਟੀਆ ਨੇ ਦੱਸਿਆ ਕਿ ਜ਼ਿਲ੍ਹਾ ਹਸਪਤਾਲ ਨੂੰ ਲੈਵਲ -2 ਦਾ ਦਰਜਾ ਦਿੱਤਾ ਹੋਇਆ ਹੈ ਜੋ ਕਿ ਪੀ ਜੀ ਆਈ ਜਿਹੀਆਂ ਵੱਡੀਆਂ ਸੰਸਥਾਂਵਾਂ ਜੋ ਕਿ ਲੈਵਲ-3 ’ਚ ਰੱਖੀਆਂ ਗਈਆਂ ਹਨ, ਤੋਂ ਬਾਅਦ ਦੂਸਰੇ ਨੰਬਰ ’ਤੇ ਹੈ। ਉਨ੍ਹਾਂ ਦੱਸਿਆ ਕਿ ਕਾਇਆ ਕਲਪ ਤਹਿਤ ਵੀ ਐਵਾਰਡ ਜਿੱਤ ਚੁੱਕੇ ਇਸ ਹਸਪਤਾਲ ਨੂੰ ਕੋਵਿਡ-19 ਦੇ ਅਗਲੇ ਪੜਾਅ ਨਾਲ ਨਜਿੱਠਣ ਲਈ ਤਿਆਰ ਕੀਤਾ ਜਾ ਰਿਹਾ ਹੈ ਅਤੇ ਹਾਲ ਦੀ ਘੜੀ ਕੰਮ ਜ਼ੋਰਾਂ ’ਤੇ ਚੱਲ ਰਿਹਾ ਹੈ।
ਐਸ ਡੀ ਐਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ ਨੇ ਦੱਸਿਆ ਕਿ ਜ਼ਿਲ੍ਹਾ ਹਸਪਤਾਲ ਲਈ ਬਣੀ ਆਈਸੋਲੇਸ਼ਨ ਮੈਨੇਜਮੈਂਟ ਕਮੇਟੀ ਜਿਸ ਦਾ ਉਨ੍ਹਾਂ ਨੂੰ ਨੋਡਲ ਅਫ਼ਸਰ ਲਾਇਆ ਗਿਆ ਹੈ, ਦਾ ਅੱਜ ਦਾ ਦੌਰਾ ਹਸਪਤਾਲ ’ਚ ਆਈਸੋਲੇਸ਼ਨ ਨਾਲ ਸਬੰਧਤ ਖਾਮੀ ਜੇਕਰ ਕੋਈ ਹੈ, ਨੂੰ ਪੂਰਾ ਕਰਨਾ ਹੈ ਤਾਂ ਜੋ ਭਵਿੱਖ ’ਚ ਬਿਮਾਰੀ ਦੇ ਵਧਣ ’ਤੇ ਉਸ ਨਾਲ ਨਜਿੱਠਣ ਵਾਲੀ ਲਗਪਗ ਸਾਰੀਆਂ ਸਹੂਲਤਾਂ ਇੱਥੇ ਹੀ ਮਿਲ ਸਕਣ।
ਐਸ ਐਮ ਓ ਡਾ. ਹਰਵਿੰਦਰ ਸਿੰਘ ਨੇ ਦੱਸਿਆ ਕਿ ਹਸਪਤਾਲ ’ਚ ਕੋਵਿਡ ਸ਼ਰਤਾਂ ਮੁਤਾਬਕ ਅੱਠ ਮਰੀਜ਼ਾਂ ਪਿੱਛੇ ਇੱਕ ਬਾਥਰੂਮ, 170 ਤੋਂ ਵਧੇਰੇ ਸਟਾਫ਼ ਮੈਂਬਰਾਂ, ਕੋਵਿਡ ਨਾਰਮ ਮੁਤਾਬਕ ਲਾਂਡਰੀ ਯੂਨਿਟ, ਨਿਰਵਿਘਨ ਬਿਜਲੀ ਸਪਲਾਈ, ਪ੍ਰਦੂਸ਼ਣ ਨੇਮਾਂ ਦੀ ਪਾਲਣਾ ਕਰਦਾ ਹੈ। ਉਨ੍ਹਾਂ ਦੱਸਿਆ ਕਿ ਹਸਪਤਾਲ ਨੂੰ ਸਰਕਾਰ ਵੱਲੋਂ ਫ਼ਿਲਹਾਲ ਕੋਵਿਡ ਕੇਅਰ ਯੂਨਿਟ ਵਜੋਂ ਹੀ ਬਰਕਰਾਰ ਰੱਖਿਆ ਹੋਇਆ ਹੈ ਤਾਂ ਜੋ ਲੋੜ ਪੈਣ ’ਤੇ ਤੁਰੰਤ ਵਰਤੋਂ ’ਚ ਲਿਆਂਦਾ ਜਾ ਸਕੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਦਵਿੰਦਰ ਢਾਂਡਾ, ਤਿਲਕ ਰਾਜ ਉਪ ਮੰਡਲ ਅਫ਼ਸਰ (ਲੋਕ ਨਿਰਮਾਣ ਵਿਭਾਗ, ਬਿਜਲੀ), ਗੁਰਬਖਸ਼ ਰਾਮ ਉਪ ਮੰਡਲ ਅਫ਼ਸਰ ਪਾਵਰਕਾਮ, ਜਸਵੰਤ ਸਿੰਘ ਉਪ ਮੰਡਲ ਅਫ਼ਸਰ (ਲੋਕ ਨਿਰਮਾਣ ਵਿਭਾਗ) ਅਤੇ ਹੋਰ ਅਧਿਕਾਰੀ ਮੌਜੂਦ ਸਨ।
ਫ਼ੋਟੋ ਕੈਪਸ਼ਨ: ਆਈਸੋਲੇਸ਼ਨ ਪ੍ਰਬੰਧਨ ਕਮੇਟੀ ਏ ਡੀ ਸੀ ਅਦਿਤਿਆ ਉੱਪਲ ਦੀ ਅਗਵਾਈ ’ਚ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਦਾ ਜਾਇਜ਼ਾ ਲੈਂਦੀ ਹੋਈ।