ਧਨੌਲਾ ਪੁਲਿਸ ਦੀ ਵੱਡੀ ਕਾਰਵਾਈ: ਨਕਲੀ ਪੁਲਿਸ ਬਣ ਕੇ ਠੱਗੀ ਕਰਨ ਵਾਲੇ ਤਿੰਨ ਕਾਬੂ

ਨਿਊਜ਼ ਪੰਜਾਬ

24 ਮਾਰਚ 2026

ਬਰਨਾਲਾ ਦੇ ਧਨੌਲਾ ਇਲਾਕੇ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ, ਜਿੱਥੇ ਨਾਕਾਬੰਦੀ ਦੌਰਾਨ ਤਿੰਨ ਨਕਲੀ ਪੁਲਿਸ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਦੋਸ਼ੀ ਪੁਲਿਸ ਦੀ ਵਰਦੀ ਪਹਿਨ ਕੇ ਭੋਲੇ-ਭਾਲੇ ਲੋਕਾਂ ਨੂੰ ਨੌਕਰੀ ਲਗਵਾਉਣ ਦੇ ਨਾਂ ‘ਤੇ ਠੱਗੀਆਂ ਮਾਰ ਰਹੇ ਸਨ। ਪੁਲਿਸ ਨੇ ਮੁਲਜ਼ਮਾਂ ਕੋਲੋਂ ਇੱਕ ਇਨੋਵਾ ਕਾਰ ਅਤੇ ਪੁਲਿਸ ਦੀ ਵਰਦੀ ਵੀ ਬਰਾਮਦ ਕੀਤੀ ਹੈ।

ਪੁਲਿਸ ਅਧਿਕਾਰੀਆਂ ਮੁਤਾਬਕ ਇਹ ਕਾਰਵਾਈ ਇੱਕ ਗੁਪਤ ਸੂਚਨਾ ਦੇ ਆਧਾਰ ‘ਤੇ ਕੀਤੀ ਗਈ। ਸੂਚਨਾ ਮਿਲੀ ਸੀ ਕਿ ਕੁਝ ਵਿਅਕਤੀ ਪੁਲਿਸ ਬਣ ਕੇ ਲੋਕਾਂ ਨੂੰ ਧੋਖਾ ਦੇ ਰਹੇ ਹਨ। ਇਸ ‘ਤੇ ਤੁਰੰਤ ਕਾਰਵਾਈ ਕਰਦਿਆਂ ਧਨੌਲਾ ਪੁਲਿਸ ਨੇ ਰੇਡ ਕੀਤੀ ਅਤੇ ਤਿੰਨ ਵਿਅਕਤੀਆਂ ਨੂੰ ਮੌਕੇ ‘ਤੇ ਕਾਬੂ ਕਰ ਲਿਆ, ਜੋ ਇਨੋਵਾ ਕਾਰ ਵਿੱਚ ਪੁਲਿਸ ਵਰਦੀ ਪਹਿਨ ਕੇ ਬੈਠੇ ਹੋਏ ਸਨ।

ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਸੰਦੀਪ ਕੁਮਾਰ ਵਾਸੀ ਚੱਕ ਮਹੰਤਾ ਵਾਲਾ, ਅਜੇ ਕੁਮਾਰ ਅਤੇ ਗੁਰਪ੍ਰੀਤ ਸਿੰਘ ਵਾਸੀ ਮੁਨਕੇ ਉਤਾੜ (ਜ਼ਿਲ੍ਹਾ ਫਿਰੋਜ਼ਪੁਰ) ਵਜੋਂ ਹੋਈ ਹੈ। ਤਿੰਨੋਂ ਮੁਲਜ਼ਮਾਂ ਵਿਰੁੱਧ ਧਨੌਲਾ ਥਾਣੇ ਵਿੱਚ ਬੀ.ਐਨ.ਐੱਸ ਦੀਆਂ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਗਿਆ ਹੈ।

ਪੁਲਿਸ ਵੱਲੋਂ ਦੋਸ਼ੀਆਂ ਨੂੰ ਅਦਾਵ ਵਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਹੈ ਅਸਤੇ ਹੁਣ ਉਨ੍ਹਾਂ ਤੋਂ ਪੁੱਛਗਿੱਛ ਜਾਰੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਅਤੇ ਜਾਂਚ ਦੌਰਾਨ ਇਹ ਵੀ ਪਤਾ ਲਗਾਇਆ ਜਾਵੇਗਾ ਕਿ ਇਸ ਠੱਗੀ ਦੇ ਜਾਲ ਦੀਆਂ ਤਾਰਾਂ ਹੋਰ ਕਿੱਥੇ-ਕਿੱਥੇ ਜੁੜੀਆਂ ਹਨ।