ਨਿਊਜ਼ ਪੰਜਾਬ
15 ਮਾਰਚ 2026
ਮੱਧ ਪੂਰਬ ਵਿੱਚ ਅਮਰੀਕਾ-ਇਜ਼ਰਾਈਲ-ਈਰਾਨ ਟਕਰਾਅ ਰੁਕਣ ਦੇ ਕੋਈ ਸੰਕੇਤ ਨਹੀਂ ਦਿਖ ਰਹੇ। ਸੋਮਵਾਰ ਸਵੇਰੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਇੱਕ ਵੱਡਾ ਡਰੋਨ ਹਮਲਾ ਹੋਇਆ, ਜਿਸ ਵਿੱਚ ਹਵਾਈ ਅੱਡੇ ਕੋਲ ਮੌਜੂਦ ਇੱਕ ਬਾਲਣ ਟੈਂਕ ਨੂੰ ਨਿਸ਼ਾਨਾ ਬਣਾਇਆ ਗਿਆ। ਹਮਲੇ ਤੋਂ ਬਾਅਦ ਟੈਂਕ ਵਿੱਚ ਜ਼ਬਰਦਸਤ ਧਮਾਕਾ ਹੋਇਆ ਅਤੇ ਭਾਰੀ ਅੱਗ ਲੱਗ ਗਈ, ਜਿਸ ਕਾਰਨ ਹਵਾਈ ਅੱਡੇ ‘ਤੇ ਉਡਾਣਾਂ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤੀਆਂ ਗਈਆਂ।
ਦੁਬਈ ਮੀਡੀਆ ਦਫ਼ਤਰ ਮੁਤਾਬਕ ਡਰੋਨ ਦੀ ਟੱਕਰ ਨਾਲ ਬਾਲਣ ਟੈਂਕ ਵਿੱਚ ਵੱਡਾ ਧਮਾਕਾ ਹੋਇਆ ਅਤੇ ਅੱਗ ਦੀਆਂ ਲਪਟਾਂ ਕਾਫੀ ਉੱਚਾਈ ਤੱਕ ਉੱਠਦੀਆਂ ਨਜ਼ਰ ਆਈਆਂ। ਘਟਨਾ ਤੋਂ ਬਾਅਦ ਦੁਬਈ ਸਿਵਲ ਡਿਫੈਂਸ ਦੀਆਂ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚ ਗਈਆਂ ਅਤੇ ਅੱਗ ‘ਤੇ ਕਾਬੂ ਪਾਉਣ ਲਈ ਮੁਹਿੰਮ ਜਾਰੀ ਹੈ। ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ ਵੀਡੀਓਜ਼ ਵਿੱਚ ਹਵਾਈ ਅੱਡੇ ਨੇੜੇ ਘਣਾ ਧੂੰਆ ਅਤੇ ਭੜਕਦੀ ਅੱਗ ਸਾਫ਼ ਦਿਖਾਈ ਦੇ ਰਹੀ ਹੈ। ਅਧਿਕਾਰੀਆਂ ਅਨੁਸਾਰ ਹੁਣ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਮਿਲੀ।
ਕਾਬਿਲੇਗੌਰ ਹੈ ਕਿ ਇਹ ਹਮਲਾ ਈਰਾਨ ਵੱਲੋਂ ਸੰਯੁਕਤ ਅਰਬ ਅਮੀਰਾਤ ਨੂੰ ਤਿੰਨ ਮਹੱਤਵਪੂਰਨ ਬੰਦਰਗਾਹਾਂ ਖਾਲੀ ਕਰਨ ਦੀ ਚੇਤਾਵਨੀ ਦੇਣ ਤੋਂ ਇੱਕ ਦਿਨ ਬਾਅਦ ਹੋਇਆ ਹੈ। ਤਹਿਰਾਨ ਵੱਲੋਂ ਗੁਆਂਢੀ ਦੇਸ਼ਾਂ ਵਿੱਚ ਗੈਰ-ਅਮਰੀਕੀ ਸੰਪਤੀਆਂ ਨੂੰ ਨਿਸ਼ਾਨਾ ਬਣਾਉਣ ਦੀ ਸਿੱਧੀ ਧਮਕੀ ਦੇਣ ਦਾ ਇਹ ਪਹਿਲਾ ਮਾਮਲਾ ਮੰਨਿਆ ਜਾ ਰਿਹਾ ਹੈ।
