ਅਮਰੀਕਾ-ਇਜ਼ਰਾਈਲ-ਈਰਾਨ ਜੰਗ ਦਾ 16ਵਾਂ ਦਿਨ: ਦੁਬਈ ‘ਚ ਧਮਾਕੇ, ਖਾੜੀ ਦੇਸ਼ਾਂ ‘ਚ ਹਾਈ ਅਲਰਟ

ਨਿਊਜ਼ ਪੰਜਾਬ

15 ਮਾਰਚ 2026

ਅਮਰੀਕਾ, ਇਜ਼ਰਾਈਲ ਅਤੇ ਈਰਾਨ ਵਿਚਕਾਰ ਚੱਲ ਰਹੀ ਜੰਗ ਅੱਜ 16ਵੇਂ ਦਿਨ ਹੋਰ ਭਿਆਨਕ ਹੋ ਗਈ ਹੈ। ਈਰਾਨ ਨੇ ਦੁਬਈ ਦੇ ਮਰੀਨਾ ਅਤੇ ਅਲ ਸੁਫੂਹ ਖੇਤਰਾਂ ਵਿੱਚ ਤਾਕਤਵਰ ਧਮਾਕੇ ਕੀਤੇ, ਜਿਸ ਤੋਂ ਬਾਅਦ ਯੂਏਈ ਦੇ ਫੁਜੈਰਾਹ ਤੇਲ ਟਰਮੀਨਲ ‘ਤੇ ਕੰਮ ਅਸਥਾਈ ਤੌਰ ‘ਤੇ ਰੋਕ ਦਿੱਤਾ ਗਿਆ। ਇਸਦੇ ਨਾਲ ਹੀ ਕੁਵੈਤ ਦੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਵੀ ਹਮਲਾ ਕੀਤਾ ਗਿਆ, ਹਾਲਾਂਕਿ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ। ਈਰਾਨ ਨੇ ਹਿਜ਼ਬੁੱਲਾ ਦੀ ਮਦਦ ਨਾਲ ਇਜ਼ਰਾਈਲ ‘ਤੇ ਮਿਜ਼ਾਈਲ ਹਮਲੇ ਕੀਤੇ ਅਤੇ ਬਗਦਾਦ ‘ਚ ਅਮਰੀਕੀ ਦੂਤਘਰ ਨੂੰ ਵੀ ਨਿਸ਼ਾਨਾ ਬਣਾਇਆ।

ਇਸ ਦੌਰਾਨ IRGC ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਮਾਰਨ ਦੀ ਸਹੁੰ ਖਾਈ ਹੈ। ਸਾਊਦੀ ਅਰਬ ਨੇ ਆਪਣੇ ਖੇਤਰ ‘ਚ 10 ਡਰੋਨ ਤਬਾਹ ਕਰਨ ਦਾ ਦਾਅਵਾ ਕੀਤਾ ਹੈ, ਜਦਕਿ ਯੂਏਈ ਦੀ ਹਵਾਈ ਸੈਨਾ ਨੇ ਕਈ ਬੈਲਿਸਟਿਕ ਮਿਜ਼ਾਈਲਾਂ ਅਤੇ ਡਰੋਨਾਂ ਨੂੰ ਨਸ਼ਟ ਕੀਤਾ। ਮੱਧ ਪੂਰਬ ‘ਚ ਤਣਾਅ ਵਧਣ ਕਾਰਨ ਏਅਰ ਇੰਡੀਆ ਅਤੇ ਇੰਡੀਗੋ ਦੀਆਂ ਕਈ ਉਡਾਣਾਂ ਵੀ ਪ੍ਰਭਾਵਿਤ ਹੋਈਆਂ ਹਨ ਅਤੇ 15 ਮਾਰਚ ਲਈ ਕਈ ਫਲਾਈਟਾਂ ਰੱਦ ਕਰ ਦਿੱਤੀਆਂ ਗਈਆਂ ਹਨ। ਦੱਸਣਯੋਗ ਹੈ ਕਿ 28 ਫਰਵਰੀ 2026 ਨੂੰ ਸ਼ੁਰੂ ਹੋਈ ਇਸ ਜੰਗ ਵਿੱਚ ਹੁਣ ਤੱਕ ਇਕੱਲੇ ਈਰਾਨ ਵਿੱਚ ਹੀ 2000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।