ਪੰਜਾਬ ਵਿੱਚ 15 ਮਈ ਤੋਂ ਜਨਗਣਨਾ ਸ਼ੁਰੂ, ਪਹਿਲੀ ਵਾਰ ਡਿਜੀਟਲ ਤਰੀਕੇ ਨਾਲ ਹੋਵੇਗੀ ਗਿਣਤੀ

ਨਿਊਜ਼ ਪੰਜਾਬ

15 ਮਾਰਚ ,2026

ਪੰਜਾਬ ਵਿੱਚ 15 ਮਈ ਤੋਂ ਜਨਗਣਨਾ ਦੀ ਪ੍ਰਕਿਰਿਆ ਸ਼ੁਰੂ ਹੋਣ ਜਾ ਰਹੀ ਹੈ, ਜਿਸ ਲਈ ਤਿਆਰੀਆਂ ਵੀ ਆਰੰਭ ਕਰ ਦਿੱਤੀਆਂ ਗਈਆਂ ਹਨ। ਕਰੀਬ 16 ਸਾਲਾਂ ਬਾਅਦ ਹੋ ਰਹੀ ਇਸ ਜਨਗਣਨਾ ਨੂੰ ਪਹਿਲੀ ਵਾਰ ਡਿਜੀਟਲ ਤਰੀਕੇ ਨਾਲ ਕੀਤਾ ਜਾਵੇਗਾ, ਜਿਸ ਤਹਿਤ ਨਾਗਰਿਕ ਆਪਣੇ ਘਰ-ਬਾਰ ਦੇ ਵੇਰਵੇ ਆਨਲਾਈਨ ਵੀ ਦਰਜ ਕਰਵਾ ਸਕਣਗੇ। ਆਨਲਾਈਨ ਜਨਗਣਨਾ ਲਈ ਪੋਰਟਲ 30 ਅਪ੍ਰੈਲ ਤੋਂ 14 ਮਈ ਤੱਕ ਖੁੱਲ੍ਹੇ ਰਹਿਣਗੇ। ਇਸ ਤੋਂ ਇਲਾਵਾ ਪੰਜਾਬ ਵਿੱਚ ਘਰ-ਘਰ ਜਾ ਕੇ ਜਾਣਕਾਰੀ ਇਕੱਠੀ ਕਰਨ ਲਈ ਕਰੀਬ 65 ਹਜ਼ਾਰ ਮੁਲਾਜ਼ਮ ਤਾਇਨਾਤ ਕੀਤੇ ਜਾਣ ਦੀ ਸੰਭਾਵਨਾ ਹੈ। ਜਨਗਣਨਾ ਦੋ ਪੜਾਵਾਂ ਵਿੱਚ ਕਰਵਾਈ ਜਾਵੇਗੀ, ਜਿਸ ਵਿੱਚ ਪਹਿਲਾ ਪੜਾਅ 15 ਮਈ ਤੋਂ 13 ਜੂਨ ਤੱਕ ਘਰਾਂ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਹੋਵੇਗਾ, ਜਦਕਿ ਦੂਜਾ ਪੜਾਅ ਅਗਲੇ ਸਾਲ 1 ਫਰਵਰੀ ਤੋਂ 28 ਫਰਵਰੀ ਤੱਕ ਚੱਲੇਗਾ। ਪੰਜਾਬ ਦੀ ਜਨਗਣਨਾ ਡਾਇਰੈਕਟਰ ਡਾ. ਨਵਜੋਤ ਖੋਸਾ ਮੁਤਾਬਕ ਇਸ ਵਾਰ ਪਹਿਲੀ ਵਾਰ ਸਵੈ-ਗਣਨਾ ਦੀ ਵਿਵਸਥਾ ਵੀ ਸ਼ੁਰੂ ਕੀਤੀ ਗਈ ਹੈ।