ਨਿਊਜ਼ ਪੰਜਾਬ
ਬਠਿੰਡਾ, 12 ਮਾਰਚ,2026
ਸਿਵਲ ਲਾਈਨ ਬਠਿੰਡਾ ਦੇ ਅਧੀਨ ਆਉਂਦੀ ਧੋਬੀਆਣਾ ਬਸਤੀ ਵਿੱਚ ਪ੍ਰਸ਼ਾਸਨ ਨੇ ਵੱਡੀ ਕਾਰਵਾਈ ਕਰਦਿਆਂ ਜਿਸ਼ਨ ਅਲੀ ਉਰਫ਼ ਕੈਪਸੂਲ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਬਣਾਈ ਇਮਾਰਤ ਨੂੰ ਬੁਲਡੋਜ਼ਰ ਨਾਲ ਢਾਹ ਦਿੱਤਾ। ਡਿਪਟੀ ਕਮਿਸ਼ਨਰ ਕਮ ਮੈਜਿਸਟਰੇਟ ਦੇ ਹੁਕਮਾਂ ‘ਤੇ ਭਾਰੀ ਪੁਲਿਸ ਸੁਰੱਖਿਆ ਹੇਠ ਕੀਤੀ ਗਈ ਇਸ ਕਾਰਵਾਈ ਦੌਰਾਨ ‘ਪੀਲਾ ਪੰਜਾ’ ਚਲਾ ਕੇ ਇਮਾਰਤ ਨੂੰ ਜ਼ਮੀਨਦੋਜ਼ ਕਰ ਦਿੱਤਾ ਗਿਆ। ਐਸ.ਪੀ. ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਕਬਜ਼ਾਕਾਰੀਆਂ ਨੂੰ ਪਹਿਲਾਂ ਕਈ ਵਾਰ ਨੋਟਿਸ ਜਾਰੀ ਕੀਤੇ ਗਏ ਸਨ ਪਰ ਜਗ੍ਹਾ ਖਾਲੀ ਨਾ ਕਰਨ ਕਾਰਨ ਇਹ ਕਦਮ ਚੁੱਕਣਾ ਪਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਮਿਸ਼ਨ “ਯੁੱਧ ਨਸ਼ਿਆਂ ਵਿਰੁੱਧ” ਤਹਿਤ ਜ਼ਿਲ੍ਹੇ ਵਿੱਚ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਅਤੇ 1 ਮਾਰਚ 2025 ਤੋਂ ਹੁਣ ਤੱਕ 2116 ਮੁਕੱਦਮੇ ਦਰਜ ਕਰਕੇ 3087 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।
