ਨਿਊਜ਼ ਪੰਜਾਬ
12 ਮਾਰਚ 2026
ਨੈਸ਼ਨਲ ਕਾਨਫ਼ਰੰਸ ਦੇ ਪ੍ਰਧਾਨ ਅਤੇ ਜੰਮੂ–ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ’ਤੇ ਜੰਮੂ ਵਿੱਚ ਇਕ ਵਿਆਹ ਸਮਾਰੋਹ ਦੌਰਾਨ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਸੁਰੱਖਿਆ ਕਰਮਚਾਰੀਆਂ ਦੀ ਤੁਰੰਤ ਕਾਰਵਾਈ ਨਾਲ ਵੱਡੀ ਘਟਨਾ ਟਲ ਗਈ। ਅਧਿਕਾਰੀਆਂ ਮੁਤਾਬਕ 70 ਸਾਲਾ ਹਮਲਾਵਰ ਕਮਲ ਸਿੰਘ ਜਾਮਵਾਲ ਪਿੱਛੇ ਤੋਂ ਆ ਕੇ ਅਬਦੁੱਲਾ ਦੇ ਸਿਰ ’ਤੇ ਰਿਵਾਲਵਰ ਤਾਣ ਬੈਠਾ, ਪਰ ਗਾਰਡਾਂ ਨੇ ਤੁਰੰਤ ਉਸ ਦਾ ਹੱਥ ਹਟਾ ਦਿੱਤਾ ਜਿਸ ਨਾਲ ਗੋਲੀ ਹਵਾ ਵਿੱਚ ਚੱਲ ਗਈ ਅਤੇ ਕਿਸੇ ਨੂੰ ਨੁਕਸਾਨ ਨਹੀਂ ਹੋਇਆ। ਘਟਨਾ ਸਮੇਂ ਜੰਮੂ–ਕਸ਼ਮੀਰ ਦੇ ਉਪ ਮੁੱਖ ਮੰਤਰੀ ਸੁਰਿੰਦਰ ਚੌਧਰੀ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ। ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਪਿਛਲੇ 20 ਸਾਲਾਂ ਤੋਂ ਅਬਦੁੱਲਾ ਨੂੰ ਮਾਰਨ ਦੀ ਯੋਜਨਾ ਬਣਾ ਰਿਹਾ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਹਮਲੇ ਦੇ ਮਕਸਦ ਬਾਰੇ ਹੋਰ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।
