ਨਿਊਜ਼ ਪੰਜਾਬ
10 ਮਾਰਚ 2026
ਮੁਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਨਾਲ ਜੁੜੇ ਘਪਲੇ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਵੱਡੀ ਕਾਰਵਾਈ ਕਰਦਿਆਂ ਆਪਣੇ ਸਕੱਤਰ ਪ੍ਰਤਾਪ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। ਇਹ ਫੈਸਲਾ SGPC ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਮਾਮਲੇ ਦੀ ਜਾਂਚ ਲਈ ਬਣਾਈ ਗਈ ਸਬ-ਕਮੇਟੀ ਦੀ ਰਿਪੋਰਟ ਦੇ ਆਧਾਰ ‘ਤੇ ਲਿਆ।
ਦਰਅਸਲ ਗੁਰਦੁਆਰਾ ਸ੍ਰੀ ਅੰਬ ਸਾਹਿਬ ਨਾਲ ਸੰਬੰਧਿਤ ਪਿੰਡ ਸੈਣੀਮਾਜਰਾ (ਪ੍ਰੇਮਗੜ੍ਹ) ਦੀ ਲਗਭਗ 1 ਵਿਘਾ 6 ਵਿਸਬੇ 10 ਵਿਸਬਾਸੀਆਂ ਜ਼ਮੀਨ ਨੂੰ ਅਮਾਨਤ ਵਿੱਚ ਖਿਆਨਤ ਅਤੇ ਧੋਖਾਧੜੀ ਕਰਕੇ ਫਰਜ਼ੀ ਤਰੀਕੇ ਨਾਲ ਵੇਚਣ ਦੇ ਦੋਸ਼ ਸਾਹਮਣੇ ਆਏ ਸਨ। ਇਸ ਤੋਂ ਪਹਿਲਾਂ SGPC ਵੱਲੋਂ ਗੁਰਦੁਆਰਾ ਦੇ ਮੈਨੇਜਰ ਰਜਿੰਦਰ ਸਿੰਘ ਨੂੰ ਵੀ ਮੁਅੱਤਲ ਕਰਕੇ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਦੇ ਹੁਕਮ ਜਾਰੀ ਕੀਤੇ ਗਏ ਸਨ ਅਤੇ ਕਿਹਾ ਗਿਆ ਸੀ ਕਿ ਜਾਂਚ ਵਿੱਚ ਜਿਸ ਕਿਸੇ ਦੀ ਵੀ ਭੂਮਿਕਾ ਸਾਹਮਣੇ ਆਏਗੀ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
