ਨਿਊਜ਼ ਪੰਜਾਬ
10 ਮਾਰਚ 2026
ਚੰਡੀਗੜ੍ਹ ਨਗਰ ਨਿਗਮ ਨਾਲ ਸਬੰਧਤ ₹116.84 ਕਰੋੜ ਰੁਪਏ ਦੇ ਫਿਕਸਡ ਡਿਪਾਜ਼ਿਟ (FD) ਨਾਲ ਜੁੜੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਨਗਰ ਨਿਗਮ ਦੀ ਸ਼ਿਕਾਇਤ ਦੇ ਆਧਾਰ ’ਤੇ ਚੰਡੀਗੜ੍ਹ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ (EOW) ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਨੁਸਾਰ ਚੰਡੀਗੜ੍ਹ ਸਮਾਰਟ ਸਿਟੀ ਲਿਮਟਿਡ ਤੋਂ ਨਗਰ ਨਿਗਮ ਨੂੰ ਫੰਡ ਟ੍ਰਾਂਸਫਰ ਕਰਨ ਸਮੇਂ ਆਈਡੀਐਫਸੀ ਫਸਟ ਬੈਂਕ ਵਿੱਚ ਇਕ ਸਮਰਪਿਤ ਖਾਤਾ ਖੋਲ੍ਹਿਆ ਗਿਆ ਸੀ, ਜਿਸ ਦੇ ਆਧਾਰ ’ਤੇ ਬੈਂਕ ਮੈਨੇਜਰ ਵੱਲੋਂ ਕਈ ਫਿਕਸਡ ਡਿਪਾਜ਼ਿਟ ਰਸੀਦਾਂ ਜਾਰੀ ਕੀਤੀਆਂ ਗਈਆਂ। ਬਾਅਦ ਵਿੱਚ ਜਦੋਂ ਇਹਨਾਂ ਐਫਡੀਆਰ ਦੀ ਜਾਂਚ ਕੀਤੀ ਗਈ ਤਾਂ ਇਹ ਫਰਜ਼ੀ ਪਾਈਆਂ ਗਈਆਂ ਅਤੇ ਕੁੱਲ ਰਕਮ ₹116.84 ਕਰੋੜ ਦੱਸੀ ਗਈ। ਜਾਂਚ ਦੌਰਾਨ ਬੈਂਕ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਸਾਰੀ ਰਕਮ ਨਗਰ ਨਿਗਮ ਦੇ ਖਾਤੇ ਵਿੱਚ ਵਾਪਸ ਜਮ੍ਹਾ ਕਰਵਾ ਦਿੱਤੀ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਗੜਬੜ ਲਗਭਗ ਦੋ ਮਹੀਨੇ ਪਹਿਲਾਂ ਸਾਹਮਣੇ ਆਈ ਸੀ ਅਤੇ ਹਾਲ ਹੀ ਵਿੱਚ ਨਗਰ ਪ੍ਰਸ਼ਾਸਨ ਵੱਲੋਂ ਪੁਲਿਸ ਕੋਲ ਸ਼ਿਕਾਇਤ ਦਿੱਤੀ ਗਈ, ਜਿਸ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ। ਪੁਲਿਸ ਹੁਣ ਬੈਂਕ ਅਤੇ ਨਗਰ ਨਿਗਮ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਭੂਮਿਕਾ ਦੀ ਵੀ ਜਾਂਚ ਕਰ ਰਹੀ ਹੈ। ਸੂਤਰਾਂ ਮੁਤਾਬਕ ਇਸ ਮਾਮਲੇ ਵਿੱਚ ਕੁਝ ਬੈਂਕ ਕਰਮਚਾਰੀ ਵੀ ਰਾਡਾਰ ’ਤੇ ਹਨ। ਦੱਸਣਯੋਗ ਹੈ ਕਿ ਹਰਿਆਣਾ ਵਿੱਚ 590 ਕਰੋੜ ਰੁਪਏ ਦੇ ਆਈਡੀਐਫਸੀ ਬੈਂਕ ਘੁਟਾਲੇ ਵਿੱਚ ਪਹਿਲਾਂ ਹੀ ਬੈਂਕ ਦੇ ਸਾਬਕਾ ਮੈਨੇਜਰ ਰਿਭਵ ਰਿਸ਼ੀ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਮੌਜੂਦਾ ਮਾਮਲੇ ਵਿੱਚ ਵੀ ਉਸਦਾ ਨਾਮ ਸਾਹਮਣੇ ਆ ਰਿਹਾ ਹੈ, ਜਿਸ ਸਬੰਧੀ ਪੁਲਿਸ ਵੱਲੋਂ ਜਾਂਚ ਜਾਰੀ ਹੈ।
