ਨਿਊਜ਼ ਪੰਜਾਬ
10 ਮਾਰਚ 2026
ਦੇਰ ਰਾਤ ਟਾਂਡਾ ਸ਼ਹਿਰ ਦੇ ਨਜ਼ਦੀਕ ਜਲੰਧਰ–ਪਠਾਨਕੋਟ ਰਾਸ਼ਟਰੀ ਰਾਜ ਮਾਰਗ ’ਤੇ ਸਥਿਤ ਚਲਾਂਗ ਟੋਲ ਪਲਾਜ਼ਾ ਨੇੜੇ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿੱਚ ਤਿੰਨ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਜਲੰਧਰ ਵੱਲੋਂ ਆ ਰਹੀ ਤੇਜ਼ ਰਫ਼ਤਾਰ ਕਾਰ ਟੋਲ ਪਲਾਜ਼ਾ ’ਤੇ ਖੜੀ ਮਹਿੰਦਰਾ ਪਿਕਅੱਪ ਨਾਲ ਜਾ ਟਕਰਾਈ।
ਟੱਕਰ ਇਨੀ ਜ਼ੋਰਦਾਰ ਸੀ ਕਿ ਕਾਰ ਸਵਾਰ ਸ਼ਬਨਮ ਕੌਰ ਪਤਨੀ ਮਾਨਵ ਸੈਣੀ ਅਤੇ ਉਸਦਾ 19 ਸਾਲਾ ਪੁੱਤਰ ਤੋਸ਼ਾਂਤ ਸੈਣੀ, ਦੋਵੇਂ ਵਾਸੀ ਦਸੂਹਾ, ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਹਾਦਸੇ ਵਿੱਚ ਮਿੱਠੂ ਨਾਮਕ ਇਕ ਹੋਰ ਵਿਅਕਤੀ, ਜੋ ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ, ਨੇ ਵੀ ਮੌਕੇ ’ਤੇ ਹੀ ਦਮ ਤੋੜ ਦਿੱਤਾ, ਜਦਕਿ ਇਕ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ। ਜ਼ਖ਼ਮੀ ਨੂੰ ਐਂਬੂਲੈਂਸ ਰਾਹੀਂ ਟਾਂਡਾ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਟਾਂਡਾ ਦੇ ਐਸ.ਐਚ.ਓ ਗੁਰਿੰਦਰਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਡਾਕਟਰਾਂ ਨੇ ਤਿੰਨ ਵਿਅਕਤੀਆਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਹੈ।
