ਬਰਨਾਲਾ–ਬਠਿੰਡਾ ਰੋਡ ‘ਤੇ ਭਿਆਨਕ ਹਾਦਸਾ, 3 ਸਾਲਾਂ ਬੱਚੀ ਸਮੇਤ ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

ਨਿਊਜ਼ ਪੰਜਾਬ

9 ਮਾਰਚ 2026

ਨਜ਼ਦੀਕੀ ਪਿੰਡ ਤਾਜੋਕੇ ਵਿਖੇ ਦਿਨ ਚੜ੍ਹਦੇ ਹੀ ਸੋਗ ਦੀ ਲਹਿਰ ਦੌੜ ਗਈ ਜਦੋਂ ਬਰਨਾਲਾ–ਬਠਿੰਡਾ ਮੁੱਖ ਮਾਰਗ ‘ਤੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ 3 ਸਾਲਾਂ ਬੱਚੀ ਸਮੇਤ ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਤਾਜੋਕੇ ਦਾ ਗ੍ਰੰਥੀ ਇੰਦਰਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਆਪਣੀ ਪਤਨੀ ਗੁਰਮੀਤ ਕੌਰ ਨਾਲ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਪਣੀ ਤਿੰਨ ਸਾਲਾਂ ਦੀ ਬੱਚੀ ਅਮਾਨਤ ਕੌਰ ਨੂੰ ਦਵਾਈ ਦਵਾਉਣ ਲਈ ਰਾਮਪੁਰਾ ਵੱਲ ਜਾ ਰਿਹਾ ਸੀ।

ਜਦੋਂ ਉਹ ਜੇਠੂਕੇ ਡਰੇਨ ਨੇੜੇ ਪਹੁੰਚੇ ਤਾਂ ਪਿੱਛੋਂ ਆ ਰਹੀ ਇਕ ਬਰੀਜ਼ਾ ਕਾਰ ਨੇ ਮੋਟਰਸਾਈਕਲ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਮੋਟਰਸਾਈਕਲ ਸਵਾਰ ਕਾਫੀ ਦੂਰ ਜਾ ਡਿੱਗੇ, ਜਿਸ ਕਾਰਨ ਪਤੀ–ਪਤਨੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਬੱਚੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ। ਬੱਚੀ ਨੂੰ ਤੁਰੰਤ ਰਾਮਪੁਰਾ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਹਾਲਤ ਗੰਭੀਰ ਦੇਖਦੇ ਹੋਏ ਬਠਿੰਡਾ ਰੈਫਰ ਕਰ ਦਿੱਤਾ, ਪਰ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਉਸ ਨੇ ਵੀ ਰਾਹ ਵਿੱਚ ਦਮ ਤੋੜ ਦਿੱਤਾ।

ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਅਤੇ ਮੋਟਰਸਾਈਕਲ ਦੇ ਪਰਖੱਚੇ ਉੱਡ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਪਿੰਡ ਤਾਜੋਕੇ ਦੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਬੂਟਾ ਸਿੰਘ ਅਤੇ ਸਮਾਜ ਸੇਵੀ ਪਰਮਜੀਤ ਸਿੰਘ ਪੰਮਾ ਆਪਣੇ ਸਾਥੀਆਂ ਸਮੇਤ ਮੌਕੇ ‘ਤੇ ਪਹੁੰਚੇ ਅਤੇ ਪੁਲਿਸ ਨੂੰ ਸੂਚਿਤ ਕੀਤਾ। ਦੱਸਿਆ ਜਾ ਰਿਹਾ ਹੈ ਕਿ ਕਾਰ ਸਵਾਰ ਬਠਿੰਡਾ ਵੱਲ ਸੰਸਕਾਰ ‘ਤੇ ਜਾ ਰਹੇ ਸਨ ਅਤੇ ਹਾਦਸੇ ਤੋਂ ਬਾਅਦ ਕਾਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਲਾਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।