ਜਲੰਧਰ ਦੇ ਸੰਤੋਖਪੁਰਾ ‘ਚ ਡਾਕਟਰ ਯਸ਼ਪਾਲ ਦੇ ਘਰ ਗੋਲੀਬਾਰੀ ਮਾਮਲਾ: ਦੋ ਮੁਲਜ਼ਮ ਗ੍ਰਿਫ਼ਤਾਰ, ਦੋ ਪਿਸਤੌਲ ਤੇ ਬਾਈਕ ਬਰਾਮਦ

ਨਿਊਜ਼ ਪੰਜਾਬ

3 ਮਾਰਚ 2026

ਜਲੰਧਰ ਦੇ ਸੰਤੋਖਪੁਰਾ ਇਲਾਕੇ ਵਿੱਚ ਡਾਕਟਰ ਯਸ਼ਪਾਲ ਦੇ ਘਰ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਵੱਲੋਂ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਗਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਜਗਜੀਤ ਸਿੰਘ ਅਤੇ ਲਵਪ੍ਰੀਤ ਸਿੰਘ ਵਜੋਂ ਹੋਈ ਹੈ, ਜੋ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ। ਥਾਣਾ ਨੰਬਰ 8 ਵਿੱਚ ਐਫਆਈਆਰ ਨੰਬਰ 55 ਮਿਤੀ 28.02.2026 ਅਧੀਨ ਧਾਰਾ 109 ਬੀਐਨਐਸ ਅਤੇ 25 ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਇੱਕ .30 ਬੋਰ ਅਤੇ ਇੱਕ .32 ਬੋਰ ਪਿਸਤੌਲ ਮੈਗਜ਼ੀਨਾਂ ਸਮੇਤ ਬਰਾਮਦ ਕੀਤੀਆਂ ਹਨ। ਇਸ ਤੋਂ ਇਲਾਵਾ ਘਟਨਾ ਵਿੱਚ ਵਰਤਿਆ ਗਿਆ ਸਪਲੈਂਡਰ ਮੋਟਰਸਾਈਕਲ ਅਤੇ ਵਾਰਦਾਤ ਸਮੇਂ ਪਹਿਨੇ ਕੱਪੜੇ ਵੀ ਬਰਾਮਦ ਕੀਤੇ ਗਏ ਹਨ। ਇਹ ਘਟਨਾ 28 ਫਰਵਰੀ ਸਵੇਰੇ ਕਰੀਬ 1:40 ਵਜੇ ਵਾਪਰੀ ਸੀ, ਜਦੋਂ ਦੋ ਬਾਈਕ ਸਵਾਰਾਂ ਨੇ ਡਾਕਟਰ ਦੀ ਨਵੀਂ ਕਾਰ ਅਤੇ ਉਸਦੇ ਘਰ ‘ਤੇ ਲਗਭਗ 10 ਗੋਲੀਆਂ ਚਲਾਈਆਂ ਅਤੇ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਹੁਣ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਹੋਰ ਪੁੱਛਗਿੱਛ ਕਰੇਗੀ ਅਤੇ ਮਾਮਲੇ ਦੀ ਜਾਂਚ ਜਾਰੀ ਹੈ।