ਝਿੰਗੜਾਂ ਦੇ ਐਨ ਆਰ ਆਈਜ਼ ਵੱਲੋਂ ਇਕਾਂਤਵਾਸ ਕੇਂਦਰਾਂ ਵਾਸਤੇ ਨਵਾਂਸ਼ਹਿਰ ਦੇ ਡਿਪਟੀ ਕਮਿਸ਼ਨਰ ਨੂੰ ਭੇਟ ਕੀਤੀਆਂ 100 ਕਿੱਟਾਂ
ਮਿਸ਼ਨ ਫ਼ਤਿਹ ਨੂੰ ਮਿਲਿਆ ਝਿੰਗੜਾਂ ਦੇ ਐਨ ਆਰ ਆਈਜ਼ ਵੱਲੋਂ ਹੁੰਗਾਰਾ
ਨਿਊਜ਼ ਪੰਜਾਬ
ਨਵਾਂਸ਼ਹਿਰ, 11 ਜੂਨ- ਮਿਸ਼ਨ ਫ਼ਤਿਹ ਤਹਿਤ ਕੋਰੋਨਾ ਨਾਲ ਲੜਾਈ ਨੂੰ ਲੋਕਾਂ ਦੀ ਸਾਂਝੀ ਮੁਹਿੰਮ ਬਣਾ ਕੇ ਚੱਲਣ ਦੀਆਂ ਕੋਸ਼ਿਸ਼ਾਂ ਨੂੰ ਅੱਜ ਉਸ ਮੌਕੇ ਬਲ ਮਿਲਿਆ ਜਦੋਂ ਝਿੰਗੜਾਂ ਦੇ ਐਨ ਆਰ ਆਈਜ਼ ਵੱਲੋਂ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਵਿਨੈ ਬਬਲਾਨੀ ਨੂੰ 100 ਕਿੱਟ ਇਕਾਂਤਵਾਸ ਕੇਂਦਰਾਂ ਵਾਸਤੇ ਭੇਟ ਕੀਤੀ ਗਈ।
ਝਿੰਗੜਾ ਨਿਵਾਸੀ ਅਤੇ ਐਨ ਆਰ ਆਈ ਸਭਾ ਨਵਾਂਸ਼ਹਿਰ ਦੇ ਪ੍ਰਧਾਨ ਅਵਤਾਰ ਸਿੰਘ ਨੇ ਇਸ ਮੌਕੇ ਦੱਸਿਆ ਕਿ ਇਨ੍ਹਾਂ ਕਿੱਟਾਂ ’ਚ ਰੋਜ਼ਾਨਾ ਵਰਤੋਂ ਨਾਲ ਸਬੰਧਤ ਸਮਾਨ ਸ਼ਾਮਿਲ ਕੀਤਾ ਗਿਆ ਹੈ, ਜੋ ਕਿ ਇਕਾਂਤਵਾਸ ਕੇਂਦਰਾਂ ’ਚ ਰੱਖੇ ਜਾਂਦੇ ਲੋਕਾਂ ਲਈ ਕੰਮ ਆਵੇਗਾ। ਇਸ ਵਿੱਚ ਟੂਥ ਬਰੱਸ਼, ਸਾਬਣ, ਖਾਣ-ਪੀਣ ਦਾ ਸਮਾਨ ਆਦਿ ਸ਼ਾਮਿਲ ਹੈ।
ਉਨ੍ਹਾਂ ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਬਬਲਾਨੀ ਨੂੰ ਦੱਸਿਆ ਕਿ ਉਨ੍ਹਾਂ ਵੱਲੋਂ ਲਾਕਡਾਊਨ ਦੌਰਾਨ ਪਿੰਡ ਦੇ ਵਿਦੇਸ਼ ਗਏ ਲੋਕਾਂ ਦੀ ਮੱਦਦ ਨਾਲ ਆਲੇ-ਦੁਆਲੇ ਦੇ 13 ਪਿੰਡਾਂ ’ਚ ਲੋੜਵੰਦ ਲੋਕਾਂ ਨੂੰ ਰਾਸ਼ਨ ਦੀਆਂ ਕਿੱਟਾਂ ਬਣਾ ਕੇ ਵੰਡੀਆਂ ਗਈਆਂ, ਜਿਸ ਵਿੱਚ ਪਿੰਡ ਦੀ ਪੰਚਾਇਤ ਅਤੇ ਪਿੰਡ ਦੇ ਵਸਨੀਕਾਂ ਨੇ ਵੀ ਪੂਰੀ ਮੱਦਦ ਕੀਤੀ। ਉਨ੍ਹਾਂ ਦੱਸਿਆ ਕਿ ਝਿੰਗੜਾਂ ਦੇ ਵੱਡੀ ਗਿਣਤੀ ’ਚ ਨਿਵਾਸੀ ਵਿਦੇਸ਼ ਵਸਦੇ ਹੋਣ ਕਾਰਨ, ਉਨ੍ਹਾਂ ’ਚ ਆਪਣੇ ਜ਼ਿਲ੍ਹੇ ਦੇ ਲੋਕਾਂ ਪ੍ਰਤੀ ਇਸ ਬਿਮਾਰੀ ਦੀ ਹਾਲਤ ’ਚ ਬੜੀ ਫ਼ਿਕਰਮੰਦੀ ਹੈ। ਇਸੇ ਲਈ ਉਨ੍ਹਾਂ ਵੱਲੋਂ ਇਹ ਉਦਮ ਕੀਤਾ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਇਸ ਮੌਕੇ ਝਿੰਗੜਾਂ ਦੇ ਸਮੁੱਚੇ ਐਨ ਆਰ ਆਈਜ਼, ਪਿੰਡ ਵਾਸੀਆਂ ਤੇ ਪੰਚਾਇਤ ਦਾ ਧੰਨਵਾਦ ਕਰਦਿਆਂ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਮਿਸ਼ਨ ਫ਼ਹਿਤ ਨੂੰ ਆਰੰਭਣ ਦਾ ਮੁੱਖ ਉਦੇਸ਼ ਪੰਜਾਬ ਵਾਸੀਆਂ ਦੀ ਮੱਦਦ ਨਾਲ ਕੋਵਿਡ-19 ਮਹਾਂਮਾਰੀ ਨੂੰ ਹਰਾਉਣ ਲਈ ਸਾਂਝੀ ਮੁਹਿੰਮ ਚਲਾਉੁਣਾ ਹੈ, ਜਿਸ ਵਿੱਚ ਕੋਵਿਡ ਤੋਂ ਬਚਣ ਦੀਆਂ ਸਾਰੀਆਂ ਹਦਾਇਤਾਂ ਦਾ ਪਾਲਣ ਕਰਨ ਲਈ ਜਾਗਰੂਕ ਕਰਕੇ, ਆਪਣੇ ਰਾਜ ਅਤੇ ਜ਼ਿਲ੍ਹੇ ਨੂੰ ਇਸ ਬਿਮਾਰੀ ਤੋਂ ਮੁਕਤ ਕਰਨਾ ਹੈ। ਉਨ੍ਹਾਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਲੋਕਾਂ ਅਤੇ ਸੰਸਥਾਂਵਾਂ ਦੀ ਇਸ ਮੁਸ਼ਕਿਲ ਭਰੇ ਦੌਰ ’ਚ ਜ਼ਿਲ੍ਹੇ ਦੇ ਲੋੜਵੰਦ ਲੋਕਾਂ ਦੀ ਮੱਦਦ ਲਈ ਅੱਗੇ ਆਉਣ ਦੀ ਫ਼ਰਾਖ਼ਦਿਲੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਸਲ ਦਾਨ ਉਸ ਵੇਲੇ ਹੀ ਮੰਨਿਆ ਜਾਂਦਾ ਹੈ ਜਦੋਂ ਮਨੁੱਖਤਾ ਨੂੰ ਬਹੁਤ ਹੀ ਔਕੜਾਂ ’ਚ ਮਿਲੇ। ਇਸ ਲਈ ਸਮੁੱਚਾ ਜ਼ਿਲ੍ਹਾ, ਐਨ ਆਰ ਆਈ ਅਤੇ ਇਸ ਦੀਆਂ ਸੰਸਥਾਂਵਾਂ ਧੰਨਵਾਦ ਦੇ ਪਾਤਰ ਹਨ।
ਉਨ੍ਹਾਂ ਨੇ ਡਿਪਟੀ ਰਜਿਸਟ੍ਰਾਰ ਸਹਿਕਾਰੀ ਸਭਾਵਾਂ ਜਗਜੀਤ ਸਿੰਘ ਵੱਲੋਂ ਝਿੰਗੜਾਂ ਦੇ ਲੋਕਾਂ ਨੂੰ ਇਕਾਂਤਵਾਸ ਕੇਂਦਰਾਂ ’ਚ ਰਹਿਣ ਵਾਲੇ ਲੋਕਾਂ ਵਾਸਤੇ ਕਿੱਟਾਂ ਦੇਣ ਲਈ ਪ੍ਰੇਰਨ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਹਿਕਾਰਤਾ ਵਿਭਾਗ ਨੇ ਲਾਕਡਾਊਨ ਦੇ ਸਮੇਂ ’ਚ ਵੱਖ-ਵੱਖ ਪਿੰਡਾਂ ’ਚ ਰਾਸ਼ਨ ਦੀ ਸਪਲਾਈ ਅਤੇ ਸੀਲ ਕੀਤੇ ਪਿੰਡਾਂ ’ਚ ਵਿਸ਼ੇਸ਼ ਤੌਰ ’ਤੇ ਜ਼ਰੂਰੀ ਵਸਤਾਂ ਦੀ ਸਪਲਾਈ ’ਚ ਵੀ ਪ੍ਰਸ਼ੰਸਾਯੋਗ ਯੋਗਦਾਨ ਪਾਇਆ ਹੈ।
ਫ਼ੋਟੋ ਕੈਪਸ਼ਨ: ਪਿੰਡ ਝਿੰਗੜਾਂ ਦੇ ਐਨ ਆਰ ਆਈਜ਼ ਵੱਲੋਂ ਇਕਾਂਤਵਾਸ ਕੇਂਦਰਾਂ ਵਾਸਤੇ ਲੋੜੀਂਦੇ ਸਮਾਨ ਦੀਆਂ 100 ਕਿੱਟਾਂ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੂੰ ਸੌਂਪਣ ਮੌਕੇ ਅਵਤਾਰ ਸਿੰਘ ਝਿੰਗੜ, ਡੀ ਆਰ ਸਹਿਕਾਰੀ ਸਭਾਵਾਂ ਅਤੇ ਪਿੰਡ ਦੇ ਪਤਵੰਤੇ।