ਮਿਸ਼ਨ ਫਤਿਹ — ਨਵਾਂਸ਼ਹਿਰ ਵਿਚ ਸਵਾਂ ਲੱਖ ਤੋਂ ਵੀ ਵਧੇਰੇ ਘਰਾਂ ਤੱਕ ਪਹੁੰਚ ਕਰਕੇ ਬਿਮਾਰ ਵਿਅਕਤੀਆਂ ਦੀ ਵਿਸ਼ੇਸ਼ ਧਿਆਨ ਰਖਿਆ ਜਾਵੇਗਾ
ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਵੱਲੋਂ ਕੋਵਿਡ ਪ੍ਰਬੰਧਾਂ ਦੀ ਸਮੀਖਿਆ
ਨਿਊਜ਼ ਪੰਜਾਬ
ਨਵਾਂਸ਼ਹਿਰ, 11 ਜੂਨ- ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਮਿਸ਼ਨ ਫ਼ਤਿਹ ਤਹਿਤ ਸਿਹਤ ਵਿਭਾਗ ਰਾਹੀਂ ਸਮੁੱਚੇ ਘਰਾਂ ਦਾ ਵਿਸ਼ੇਸ਼ ਸਰਵੇਖਣ ਅਗਲੇ ਹਫ਼ਤੇ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਤਹਿਤ ਸਵਾਂ ਲੱਖ ਤੋਂ ਵੀ ਵਧੇਰੇ ਘਰਾਂ ਤੱਕ ਪਹੁੰਚ ਕਰਕੇ 30 ਸਾਲ ਤੋਂ ਵਧੇਰੇ ਉਮਰ ਦੇ ਵਿਅਕਤੀਆਂ ਜਿਨ੍ਹਾਂ ਨੂੰ ਕੋਈ ਵੀ ਬਿਮਾਰੀ ਹੈ, ਦੀ ਵਿਸ਼ੇਸ਼ ਨਿਗਰਾਨੀ ਕੀਤੀ ਜਾਵੇਗੀ। ਇਸ ਮੁਹਿੰਮ ਦੌਰਾਨ ਇਨ੍ਹਾਂ ਬਿਮਾਰੀਆਂ ਕਾਰਨ ਕੋਵਿਡ ਦੇ ਖਤਰੇ ਤੋਂ ਵੀ ਸੁਚੇਤ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਉਕਤ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਤੋਂ ਪਹਿਲਾਂ ਕੋਵਿਡ ਡੋਰ 2 ਡੋਰ ਤਹਿਤ ਚਲਾਈ ਗਈ ਸਰਵੇਖਣ ਮੁਹਿੰਮ ਦੇ ਨਤੀਜੇ ਵੀ ਬੜੇ ਕਾਮਯਾਬ ਰਹੇ ਸਨ ਅਤੇ ਉਨ੍ਹਾਂ ਨਤੀਜਿਆਂ ਤੋਂ ਪ੍ਰਭਾਵਿਤ ਹੋ ਕੇ ਮਿਸ਼ਨ ਫ਼ਤਿਹ ਤਹਿਤ ਇਹ ਨਵੀਂ ਮੁਹਿੰਮ ਆਰੰਭੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕੋਵਿਡ ਡੋਰ 2 ਡੋਰ ਮੁਹਿੰਮ ਵਾਂਗ ਇਸ ਮੁਹਿੰਮ ਤਹਿਤ ਵੀ ਹਰੇਕ ਘਰ ਦੇ ਬਾਹਰ ਇੱਕ ਸਟਿੱਕਰ ਲਾਇਆ ਜਾਵੇਗਾ, ਜਿਸ ’ਤੇ ਲੋਕਾਂ ਨੂੰ ਫ਼ਤਿਹ ਮਿਸ਼ਨ ਦੇ ਮੰਤਵ, ਲੋਕਾਂ ਵੱਲੋਂ ਦਿੱਤੇ ਜਾਣ ਵਾਲੇ ਸਹਿਯੋਗ ਅਤੇ ਜ਼ਿਲ੍ਹਾ ਕੋਵਿਡ ਕੰਟਰੋਲ ਰੂਮ ਨੰਬਰ ਦਰਜ ਕੀਤੇ ਜਾਣਗੇ। ਇਸ ਤੋਂ ਇਲਾਵਾ ਮਿਸ਼ਨ ਫ਼ਤਿਹ ’ਚ ਸ਼ਮੂਲੀਅਤ ਲਈ ਇੱਕ ਮੋਬਾਇਲ ਨੰਬਰ ਵੀ ਦਿੱਤਾ ਜਾਵੇਗਾ, ਜਿਸ ’ਤੇ ਮਿਸਡ ਕਾਲ ਕਰਕੇ ਕੋਈ ਵੀ ਵਿਅਕਤੀ ਇਸ ਮਿਸ਼ਨ ਨਾਲ ਜੁੜ ਸਕੇਗਾ।
ਉਨ੍ਹਾਂ ਦੱਸਿਆ ਕਿ ਆਸ਼ਾ ਵਰਕਰਾਂ ਵੱਲੋਂ ਜ਼ਿਲ੍ਹੇ ਦੇ ਸਿਵਲ ਸਰਜਨ ਡਾ. ਰਾਜਿੰਦਰ ਭਾਟੀਆ ਦੇ ਦਿਸ਼ਾ-ਨਿਰਦੇਸ਼ਾਂ ਅਤੇ ਐਸ ਐਮ ਓਜ਼ ਦੀ ਨਿਗਰਾਨੀ ’ਚ ਇਸ ਮਿਸ਼ਨ ਮੁਹਿੰਮ ਨੂੰ ਨੇਪਰੇ ਚਾੜ੍ਹਿਆ ਜਾਵੇਗਾ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਸਮੂਹ ਸਿਹਤ ਅਧਿਕਾਰੀਆਂ ਨੂੰ ਜ਼ਿਲ੍ਹੇ ’ਚ ਇਕਾਂਤਵਾਸ ਪ੍ਰਤੀ ਪੂਰੀ ਸਖਤੀ ਕਰਨ ਦੀ ਹਦਾਇਤ ਕੀਤੀ ਅਤੇ ਕਿਸੇ ਦਾ ਵੀ ਲਿਹਾਜ਼ ਨਾ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਜੇਕਰ ਇਕਾਂਤਵਾਸ ਤੋੜ ਕੇ ਘੁੰਮਣ ਵਾਲਾ ਇੱਕ ਵੀ ਵਿਅਕਤੀ ਬਾਅਦ ’ਚ ਪਾਜ਼ਿਟਿਵ ਆ ਗਿਆ ਤਾਂ ਉਸ ਦਾ ਬਾਕੀ ਪਿੰਡ ’ਤੇ ਬੜਾ ਮਾੜਾ ਪ੍ਰਭਾਵ ਪਵੇਗਾ ਅਤੇ ਅਸੀਂ ਫ਼ਿਰ ਤੋਂ ਪਹਿਲਾਂ ਵਾਲੀ ਸਥਿਤੀ ’ਚ ਆ ਜਾਵਾਂਗੇ।
ਇਸ ਮੌਕੇ ਸਿਵਲ ਸਰਜਨ ਡਾ. ਰਾਜਿੰਦਰ ਭਾਟੀਆ ਨੇ ਦੱਸਿਆ ਕਿ ਇਸ ਮੌਕੇ ਜਿੰਨੇ ਵੀ ਕੇਸ ਜ਼ਿਲ੍ਹੇ ’ਚ ਪਾਜ਼ਿਟਿਵ ਆ ਰਹੇ ਹਨ, ਉਨ੍ਹਾਂ ਸਾਰਿਆਂ ਦਾ ਸਬੰਧ ਜਾਂ ਤਾਂ ਵਿਦੇਸ਼ ਤੋਂ ਮੁੜਨ ਵਾਲਿਆਂ ਨਾਲ ਹੈ ਜਾਂ ਫ਼ਿਰ ਦੂਸਰੇ ਰਾਜਾਂ ਤੋਂ ਆਉਣ ਵਾਲਿਆਂ ਨਾਲ ਹੈ। ਜਿਸ ’ਤੇ ਡਿਪਟੀ ਕਮਿਸ਼ਨਰ ਨੇ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਕਿਹਾ ਕਿ ਝੋਨੇ ਦਾ ਸੀਜ਼ਨ ਹੋਣ ਕਾਰਨ ਅਤੇ ਲਾਕਡਾਊਨ ’ਚ ਮਿਲੀ ਢਿੱਲ ਦਾ ਕਿਸੇ ਨੂੰ ਵੀ ਨਜਾਇਜ਼ ਫ਼ਾਇਦਾ ਨਾ ਉਠਾਉਣ ਦਿੱਤਾ ਜਾਵੇ। ਉਨ੍ਹਾਂ ਨੇ ਪਿੰਡਾਂ ’ਚ ਆਈ ਝੋਨਾ ਲਾਉਣ ਵਾਲੀ ਲੇਬਰ ਨੂੰ ਵੀ ਪਿੰਡ ਦੇ ਬਾਕੀ ਲੋਕਾਂ ਦੇ ਸੰਪਰਕ ਤੋਂ ਦੂਰ ਰੱਖਣ ਲਈ ਆਖਿਆ ਤਾਂ ਜੋ ਜੇਕਰ ਲੇਬਰ ’ਚੋਂ ਕੋਈ ਵਿਅਕਤੀ ਪਾਜ਼ਿਟਿਵ ਆਉਂਦਾ ਹੈ ਤਾਂ ਉਸ ਨਾਲ ਪਿੰਡ ’ਤੇ ਨਾ ਪ੍ਰਭਾਵ ਪਵੇ। ਉਨ੍ਹਾਂ ਨੇ ਲੇਬਰ ਨੂੰ ਪਿੰਡ ਤੋਂ ਬਾਹਰ ਹੀ ਰਿਹਾਇਸ਼ ਦੇ ਪ੍ਰਬੰਧ ਕਰਕੇ ਦੇਸ ’ਤੇ ਵੀ ਜ਼ੋਰ ਦਿੱਤਾ ਅਤੇ ਇਸ ਲਈ ਸਬੰਧਤ ਖੇਤ ਮਾਲਕ ਜਾਂ ਠੇਕੇਦਾਰ ਦੀ ਜ਼ਿੰਮੇਂਵਾਰੀ ਨਿਸ਼ਚਿਤ ਕਰਨ ਲਈ ਕਿਹਾ।
ਮੀਟਿੰਗ ’ਚ ਏ ਡੀ ਸੀ (ਜ) ਅਦਿਤਿਆ ਉੱਪਲ ਅਤੇ ਸਿਹਤ ਵਿਭਾਗ ਦੇ ਐਸ ਐਮ ਓ, ਐਪੀਡੋਮੋਲਿਜਿਸਟ ਅਤੇ ਪ੍ਰੋਗਰਾਮ ਅਫ਼ਸਰ ਮੌਜੂਦ ਸਨ।
=====================================
ਫ਼ੋਟੋ ਕੈਪਸ਼ਨ: ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ। ਨਾਲ ਏ ਡੀ ਸੀ (ਜ) ਅਦਿਤਿਆ ਉੱਪਲ ਵੀ ਨਜ਼ਰ ਆ ਰਹੇ ਹਨ।