Bunty Bains ਦਾ ਸਫਾਈਨਾਮਾ: ਹਿਸਾਬ-ਕਿਤਾਬ ਨਾਲ ਮੇਰਾ ਕੋਈ ਲੈਣਾ-ਦੇਣਾ ਨਹੀਂ

ਨਿਊਜ਼ ਪੰਜਾਬ

13 ਫ਼ਰਵਰੀ 2026

ਮਰਹੂਮ ਗਾਇਕ Sidhu Moosewala ਦੇ ਮਾਪਿਆਂ ਵੱਲੋਂ ਲਗਾਏ ਗਏ ਇਲਜ਼ਾਮਾਂ ਮਗਰੋਂ ਗੀਤਕਾਰ ਬੰਟੀ ਬੈਂਸ ਨੇ ਇੱਕ ਵਾਰ ਫਿਰ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰਦੇ ਹੋਏ ਆਪਣੀ ਪੱਖ-ਪੇਸ਼ੀ ਕੀਤੀ ਹੈ।

ਉਸ ਨੇ ਕਿਹਾ ਕਿ ਪੈਸਿਆਂ ਦਾ ਹਿਸਾਬ-ਕਿਤਾਬ ਕਦੇ ਵੀ ਉਸ ਕੋਲ ਨਹੀਂ ਆਇਆ। ਨਾ ਹੀ ‘One Digital Entertainment’ ਦੇ Shabir Momin ਵੱਲੋਂ ਉਸਨੂੰ ਕਦੇ ਇਹ ਦੱਸਿਆ ਗਿਆ ਕਿ ਸਿੱਧੂ ਪਰਿਵਾਰ ਨੂੰ ਕਿੰਨੀ ਰਕਮ ਭੇਜੀ ਗਈ ਹੈ। ਉਸਦਾ ਦਾਅਵਾ ਹੈ ਕਿ ਪਿਛਲੇ 4-5 ਮਹੀਨਿਆਂ ਤੋਂ ਅੰਕਲ ਵੱਲੋਂ ਵੀ ਇਹ ਨਹੀਂ ਸਾਂਝਾ ਕੀਤਾ ਗਿਆ ਕਿ ਸ਼ਬੀਰ ਮੋਮਿਨ ਕੋਲ ਕਿੰਨੀ ਰਕਮ ਬਾਕੀ ਹੈ।

ਬੰਟੀ ਬੈਂਸ ਨੇ ਸਪਸ਼ਟ ਕੀਤਾ ਕਿ ਲੋਕ ਕਮੈਂਟਸ ਰਾਹੀਂ ਉਸਨੂੰ ਪਰਿਵਾਰ ਨੂੰ ਹਿਸਾਬ ਦੇਣ ਲਈ ਕਹਿ ਰਹੇ ਹਨ, ਪਰ ਉਸਦੇ ਕੋਲ ਕੋਈ ਹਿਸਾਬ ਨਹੀਂ ਜੋ ਉਹ ਸਾਂਝਾ ਕਰ ਸਕੇ। ਉਸਦਾ ਕੰਮ ਸਿਰਫ ਇਹ ਸੀ ਕਿ ਮਿਊਜ਼ਿਕ ਪ੍ਰੋਡਿਊਸਰ ਜਾਂ ਸਿੱਧੂ ਵੱਲੋਂ ਭੇਜੇ ਗਾਣਿਆਂ ਨੂੰ ‘ਵਨ ਡਿਜੀਟਲ’ ਦੇ ਗਰੁੱਪ ਵਿੱਚ ਪਾ ਕੇ ਰਿਲੀਜ਼ ਦੀ ਤਾਰੀਖ ਤੈਅ ਕਰਨੀ।ਉਸ ਨੇ ਇਹ ਵੀ ਕਿਹਾ ਕਿ ਸਾਰਾ ਐਗਰੀਮੈਂਟ ਸਿੱਧੂ ਪਰਿਵਾਰ ਅਤੇ ਸ਼ਬੀਰ ਮੋਮਿਨ ਵਿਚਕਾਰ ਸੀ ਅਤੇ ਭੁਗਤਾਨ ਵੀ ਸਿੱਧਾ ਪਰਿਵਾਰ ਨੂੰ ਹੀ ਹੁੰਦਾ ਸੀ। ਬੰਟੀ ਬੈਂਸ ਦੇ ਅਨੁਸਾਰ, ਉਹ ਖੁਦ ਸ਼ਬੀਰ ਮੋਮਿਨ ਨੂੰ ਬਕਾਇਆ ਰਕਮ ਅਤੇ ਹਿਸਾਬ ਦੀਆਂ ਰਿਪੋਰਟਾਂ ਦੇਣ ਲਈ ਕਹਿ ਰਿਹਾ ਹੈ ਅਤੇ ਇਸ ਸਬੰਧੀ ਕਾਲਾਂ ਅਤੇ ਮੈਸੇਜਾਂ ਦੇ ਸਬੂਤ ਉਸਦੇ ਕੋਲ ਮੌਜੂਦ ਹਨ।

ਅਖੀਰ ਵਿੱਚ ਉਸ ਨੇ ਕਿਹਾ ਕਿ ਉਹ ਕਦੇ ਵੀ ਅੰਕਲ-ਆਂਟੀ ਦੇ ਖਿਲਾਫ ਨਹੀਂ ਰਿਹਾ ਅਤੇ ਨਾ ਹੀ ਉਸ ਨੇ ਸ਼ਬੀਰ ਮੋਮਿਨ ਦਾ ਪੱਖ ਲਿਆ ਹੈ। ਉਸਨੇ ਉਮੀਦ ਜਤਾਈ ਕਿ ਸਿੱਧੂ ਪਰਿਵਾਰ ਸੱਚਾਈ ਨੂੰ ਸਮਝੇਗਾ।