ਨਿਊਜ਼ ਪੰਜਾਬ
1 ਫਰਵਰੀ 2026
ICC Under-19 Cricket World Cup ਦੇ ਸੁਪਰ-6 ਦੌਰ ਵਿੱਚ ਅੱਜ ਭਾਰਤ ਅਤੇ ਪਾਕਿਸਤਾਨ ਦੀਆਂ ਅੰਡਰ-19 ਟੀਮਾਂ ਦਰਮਿਆਨ ਰੋਮਾਂਚਕ ਮੁਕਾਬਲਾ ਹੋਵੇਗਾ। ਇਹ ਮੈਚ ਜ਼ਿੰਬਾਬਵੇ ਦੇ ਬੁਲਵਾਯੋ ਸ਼ਹਿਰ ਵਿੱਚ ਭਾਰਤੀ ਸਮੇਂ ਅਨੁਸਾਰ ਦੁਪਹਿਰ 1 ਵਜੇ ਸ਼ੁਰੂ ਹੋਵੇਗਾ। ਟੀਮ ਇੰਡੀਆ ਟੂਰਨਾਮੈਂਟ ਵਿੱਚ ਹੁਣ ਤੱਕ ਅਜੇਤੂ ਰਹੀ ਹੈ ਅਤੇ ਉਸ ਨੇ ਗਰੁੱਪ ਪੜਾਅ ਦੇ ਸਾਰੇ ਤਿੰਨ ਮੈਚਾਂ ਦੇ ਨਾਲ-ਨਾਲ ਸੁਪਰ-6 ਵਿੱਚ ਜ਼ਿੰਬਾਬਵੇ ਖ਼ਿਲਾਫ਼ ਪਹਿਲਾ ਮੈਚ ਵੀ ਵੱਡੇ ਅੰਤਰ ਨਾਲ ਜਿੱਤਿਆ ਹੈ, ਜਿਸ ਨਾਲ ਟੀਮ ਦਾ ਆਤਮਵਿਸ਼ਵਾਸ ਕਾਫ਼ੀ ਉੱਚਾ ਹੈ। ਪੰਜ ਵਾਰ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਅੰਡਰ-19 ਟੀਮ ਇਸ ਸਮੇਂ 6 ਅੰਕਾਂ ਨਾਲ ਸੁਪਰ-6 ਵਿੱਚ ਦੂਜੇ ਸਥਾਨ ‘ਤੇ ਹੈ, ਜਦਕਿ ਇੰਗਲੈਂਡ 8 ਅੰਕਾਂ ਨਾਲ ਸਿਖਰ ‘ਤੇ ਮੌਜੂਦ ਹੈ। ਦੂਜੇ ਪਾਸੇ, ਪਾਕਿਸਤਾਨ 4 ਅੰਕਾਂ ਨਾਲ ਤੀਜੇ ਸਥਾਨ ‘ਤੇ ਹੈ ਅਤੇ ਉਸ ਨੇ ਇੰਗਲੈਂਡ ਤੋਂ ਹਾਰ ਤੋਂ ਬਾਅਦ ਜ਼ਿੰਬਾਬਵੇ ਨੂੰ ਗਰੁੱਪ ਪੜਾਅ ਵਿੱਚ ਹਰਾਇਆ, ਫਿਰ ਸੁਪਰ-6 ਵਿੱਚ ਨਿਊਜ਼ੀਲੈਂਡ ‘ਤੇ 8 ਵਿਕਟਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ। ਪਾਕਿਸਤਾਨ ਲਈ ਸੈਮੀਫਾਈਨਲ ਦੀ ਦੌੜ ‘ਚ ਬਣੇ ਰਹਿਣ ਲਈ ਭਾਰਤ ਨੂੰ ਵੱਡੇ ਅੰਤਰ ਨਾਲ ਹਰਾਉਣਾ ਅਤੇ ਆਪਣੀ ਨੈੱਟ ਰਨ ਰੇਟ ਸੁਧਾਰਨੀ ਲਾਜ਼ਮੀ ਹੋਵੇਗੀ।
