ਕੈਨੇਡਾ’ਚ ਮੋਗਾ ਦੇ ਨੌਜਵਾਨ ਸੁਖਜਿੰਦਰ ਸਿੰਘ ਦੀ ਦਿਲ ਦਾ ਦੌਰੇ ਨਾਲ ਬੇਵਕਤੀ ਮੌਤ, ਪਿੰਡ ਵਿੱਚ ਸੋਗ ਦੀ ਲਹਿਰ

ਨਿਊਜ਼ ਪੰਜਾਬ

30 ਜਨਵਰੀ 2026

ਵਿਦੇਸ਼ੀ ਧਰਤੀ ਕੈਨੇਡਾ ਤੋਂ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤਾਜ਼ਾ ਮਾਮਲੇ ਵਿੱਚ ਮੋਗਾ ਜ਼ਿਲ੍ਹੇ ਦੇ ਪਿੰਡ ਤਖਾਣਵੱਧ ਦੇ 26 ਸਾਲਾ ਹੋਣਹਾਰ ਨੌਜਵਾਨ ਸੁਖਜਿੰਦਰ ਸਿੰਘ ਦੀ ਕੈਨੇਡਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਮਿਲੀ ਹੈ।ਇਸ ਖ਼ਬਰ ਨੇ ਜਿੱਥੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ, ਉੱਥੇ ਹੀ ਪੂਰੇ ਪਿੰਡ ਵਿੱਚ ਮਾਤਮ ਪਸਰ ਗਿਆ ਹੈ।

ਸੁਖਜਿੰਦਰ ਕਰੀਬ ਤਿੰਨ ਸਾਲ ਪਹਿਲਾਂ ਬਿਹਤਰ ਭਵਿੱਖ ਦੀ ਆਸ ਨਾਲ ਕੈਨੇਡਾ ਗਿਆ ਸੀ ਅਤੇ ਆਉਂਦੀ 5 ਫਰਵਰੀ ਨੂੰ ਵਤਨ ਵਾਪਸ ਆਉਣਾ ਸੀ, ਜਿਸ ਲਈ ਪਰਿਵਾਰ ਵੱਲੋਂ ਤਿਆਰੀਆਂ ਵੀ ਚੱਲ ਰਹੀਆਂ ਸਨ। ਹੈਰਾਨੀਜਨਕ ਗੱਲ ਇਹ ਹੈ ਕਿ ਮੌਤ ਤੋਂ ਸਿਰਫ਼ ਤਿੰਨ ਦਿਨ ਪਹਿਲਾਂ ਹੀ ਉਸ ਦਾ ਵਰਕ ਪਰਮਿਟ ਆਇਆ ਸੀ, ਜਿਸ ਨਾਲ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਸੀ। ਪਰ ਅਚਾਨਕ ਆਈ ਇਸ ਮਨਹੂਸ ਖ਼ਬਰ ਨੇ ਪਰਿਵਾਰ ਨੂੰ ਗਹਿਰੇ ਸਦਮੇ ਵਿੱਚ ਧੱਕ ਦਿੱਤਾ ਹੈ ਅਤੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਪਿੰਡ ਵਾਸੀਆਂ ਵੱਲੋਂ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਮ੍ਰਿਤਕ ਦੀ ਦੇਹ ਨੂੰ ਜਲਦ ਤੋਂ ਜਲਦ ਭਾਰਤ ਲਿਆਉਣ ਲਈ ਮਦਦ ਕੀਤੀ ਜਾਵੇ ਤਾਂ ਜੋ ਪਰਿਵਾਰ ਆਪਣੇ ਲਾਡਲੇ ਦਾ ਅੰਤਿਮ ਸੰਸਕਾਰ ਆਪਣੀ ਮਿੱਟੀ ਵਿੱਚ ਕਰ ਸਕੇ।