ਨਿਊਜ਼ ਪੰਜਾਬ
30 ਜਨਵਰੀ 2026
ਲੁਧਿਆਣਾ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਜਗਰਾਓਂ ਦੇ ਸ਼ੇਰਪੁਰਾ ਚੌਕ ਨੇੜੇ ਰਹਿੰਦੇ ਇਕ ਹੀ ਪਰਿਵਾਰ ਦੇ 7 ਮੈਂਬਰਾਂ ਵਿੱਚ ਰੇਬੀਜ਼ ਦੇ ਲੱਛਣ ਨਜ਼ਰ ਆ ਰਹੇ ਹਨ। ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਪਹਿਲਾਂ ਸਿਵਲ ਹਸਪਤਾਲ ਜਗਰਾਓਂ ਵਿੱਚ ਦਾਖ਼ਲ ਕਰਵਾਇਆ ਗਿਆ ਸੀ, ਪਰ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਲਗਭਗ ਇੱਕ ਸਾਲ ਪਹਿਲਾਂ ਪਰਿਵਾਰ ਦੇ ਇੱਕ ਮੈਂਬਰ ਨੂੰ ਕੁੱਤੇ ਨੇ ਕੱਟਿਆ ਸੀ, ਪਰ ਉਸ ਸਮੇਂ ਐਂਟੀ ਰੇਬੀਜ਼ ਟੀਕਾ ਨਹੀਂ ਲਗਵਾਇਆ ਗਿਆ। ਸਮੇਂ ਦੇ ਨਾਲ ਉਸ ਵਿੱਚ ਰੇਬੀਜ਼ ਦੇ ਲੱਛਣ ਵਧਦੇ ਗਏ ਅਤੇ ਸੰਭਾਵਨਾ ਹੈ ਕਿ ਉਸ ਤੋਂ ਹੀ ਹੋਰ ਪਰਿਵਾਰਕ ਮੈਂਬਰ ਇੰਫੈਕਟ ਹੋ ਗਏ। ਡਾਕਟਰਾਂ ਮੁਤਾਬਕ ਮਰੀਜ਼ਾਂ ਦੇ ਮੂੰਹੋਂ ਵਧੇਰੇ ਲਾਰ ਆਉਣਾ ਅਤੇ ਬੋਲਣ ਵਿੱਚ ਮੁਸ਼ਕਲ ਆਉਣਾ ਰੇਬੀਜ਼ ਦੇ ਮੁੱਖ ਲੱਛਣ ਹਨ। ਹਾਲਾਂਕਿ ਟੈਸਟਾਂ ਤੋਂ ਬਾਅਦ ਹੀ ਰੇਬੀਜ਼ ਦੀ ਪੂਰੀ ਪੁਸ਼ਟੀ ਹੋਵੇਗੀ, ਪਰ ਫਿਲਹਾਲ ਸਾਰੇ ਮਰੀਜ਼ ਪੀਜੀਆਈ ਚੰਡੀਗੜ੍ਹ ਵਿੱਚ ਡਾਕਟਰਾਂ ਦੀ ਨਿਗਰਾਨੀ ਹੇਠ ਇਲਾਜ ਅਧੀਨ ਹਨ।
