ਨਿਊਜ਼ ਪੰਜਾਬ
25 ਜਨਵਰੀ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਵਿੱਚ ‘ਵਜ਼ੂ’ ਕਰਨ ਦੇ ਮਾਮਲੇ ਵਿੱਚ ਗਾਜ਼ੀਆਬਾਦ ਪੁਲਿਸ ਨੇ ਨੌਜਵਾਨ ਸੁਬਹਾਨ ਰੰਗਰੀਜ਼ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਨੂੰ ਜਲਦ ਪੰਜਾਬ ਲਿਆਂਦੇ ਜਾਣ ਦੀ ਸੰਭਾਵਨਾ ਹੈ। ਇਸ ਮਾਮਲੇ ਸਬੰਧੀ ਨਿਹੰਗ ਸਿੰਘ ਜਥੇਬੰਦੀਆਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ। SGPC ਦੀ ਜਾਂਚ ਮੁਤਾਬਕ ਨੌਜਵਾਨ ਬੇਅਦਬੀ ਦੇ ਇਰਾਦੇ ਨਾਲ ਸ੍ਰੀ ਹਰਿਮੰਦਰ ਸਾਹਿਬ ਆਇਆ ਸੀ ਅਤੇ ਲਗਭਗ 20 ਮਿੰਟ ਰਹਿਣ ਬਾਵਜੂਦ ਉਸਨੇ ਮੱਥਾ ਨਹੀਂ ਟੇਕਿਆ। ਨਿਹੰਗ ਸਿੰਘ ਜਥੇਬੰਦੀਆਂ ਨੇ ਇਸ ਕਿਰਿਆ ਨੂੰ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਦੱਸਦਿਆਂ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ, ਜਦਕਿ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇਸਨੂੰ ਮਰਿਆਦਾ ਦੇ ਖ਼ਿਲਾਫ ਕਰਾਰ ਦਿੰਦਿਆਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਸਾਰੀ ਮਨੁੱਖਤਾ ਲਈ ਆਸਥਾ ਦਾ ਕੇਂਦਰ ਹੈ ਅਤੇ ਇੱਥੇ ਧਾਰਮਿਕ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਲਾਜ਼ਮੀ ਹੈ।
