ਨਿਊਜ਼ ਪੰਜਾਬ
25 ਜਨਵਰੀ 2026
ਅਮਰੀਕਾ ਵਿੱਚ ਆਏ ਭਿਆਨਕ ਬਰਫ਼ੀਲੇ ਤੂਫ਼ਾਨ ਨੇ ਦੇਸ਼ ਦੀ ਜਨਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ। ਨਿਊ ਮੈਕਸੀਕੋ ਤੋਂ ਨਿਊ ਇੰਗਲੈਂਡ ਤੱਕ ਫੈਲੇ ਇਸ ਤੂਫ਼ਾਨ ਕਾਰਨ ਹਜ਼ਾਰਾਂ ਉਡਾਣਾਂ ਰੱਦ ਹੋ ਗਈਆਂ ਹਨ ਅਤੇ ਲੱਖਾਂ ਲੋਕ ਹਵਾਈ ਅੱਡਿਆਂ ਤੇ ਸੜਕਾਂ ’ਤੇ ਫਸੇ ਹੋਏ ਹਨ। ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਭਾਰੀ ਬਰਫ਼ਬਾਰੀ ਅਤੇ ਤੀਖੀਆਂ ਹਵਾਵਾਂ ਕਾਰਨ ਬਿਜਲੀ ਗੁੱਲ ਹੋਣ ਅਤੇ ਆਵਾਜਾਈ ਪੂਰੀ ਤਰ੍ਹਾਂ ਠੱਪ ਹੋਣ ਦਾ ਖ਼ਤਰਾ ਬਣਿਆ ਹੋਇਆ ਹੈ।
ਫਲਾਈਟ ਟਰੈਕਿੰਗ ਵੈੱਬਸਾਈਟ ‘ਫਲਾਈਟਅਵੇਅਰ’ ਦੇ ਅੰਕੜਿਆਂ ਮੁਤਾਬਕ:
ਸ਼ਨੀਵਾਰ: 3,800 ਤੋਂ ਵੱਧ ਉਡਾਣਾਂ ਜਾਂ ਤਾਂ ਦੇਰੀ ਨਾਲ ਚੱਲੀਆਂ ਜਾਂ ਰੱਦ ਹੋਈਆਂ।
ਐਤਵਾਰ: ਲਗਭਗ 7,000 ਉਡਾਣਾਂ ਨੂੰ ਪਹਿਲਾਂ ਹੀ ਰੱਦ ਕਰਨ ਦਾ ਫੈਸਲਾ ਲਿਆ ਗਿਆ ਹੈ।
ਰਾਹਤ ਅਤੇ ਬਚਾਅ ਕਾਰਜਾਂ ਲਈ ਫ਼ੌਜੀ ਤਿਆਰੀ
ਫੈਡਰਲ ਐਮਰਜੈਂਸੀ ਪ੍ਰਬੰਧਨ ਏਜੰਸੀ (FEMA) ਨੇ ਕਿਸੇ ਵੀ ਅਣਸੁਖਾਵੀਂ ਸਥਿਤੀ ਨਾਲ ਨਜਿੱਠਣ ਲਈ 30 ਖੋਜ ਅਤੇ ਬਚਾਅ ਟੀਮਾਂ ਨੂੰ ਹਾਈ ਅਲਰਟ ‘ਤੇ ਰੱਖਿਆ ਹੈ। ਪ੍ਰਭਾਵਿਤ ਖੇਤਰਾਂ ਵਿੱਚ 70 ਲੱਖ ਭੋਜਨ ਦੇ ਪੈਕੇਟ, 6 ਲੱਖ ਕੰਬਲ ਅਤੇ 300 ਵੱਡੇ ਜਨਰੇਟਰ ਭੇਜੇ ਗਏ ਹਨ। ਰਾਸ਼ਟਰਪਤੀ ਨੇ ਭਰੋਸਾ ਦਿੱਤਾ ਹੈ ਕਿ ਸੰਘੀ ਸਰਕਾਰ ਸਥਾਨਕ ਅਧਿਕਾਰੀਆਂ ਦੇ ਲਗਾਤਾਰ ਸੰਪਰਕ ਵਿੱਚ ਹੈ ਅਤੇ ਹਰ ਸੰਭਵ ਮਦਦ ਮੁਹੱਈਆ ਕਰਵਾਈ ਜਾ ਰਹੀ ਹੈ।
