ਨਿਊਜ਼ ਪੰਜਾਬ
24 ਜਨਵਰੀ 2026
ਜੰਮੂ-ਕਸ਼ਮੀਰ ਤੋਂ ਲੈ ਕੇ ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਤੱਕ ਪਹਾੜੀ ਇਲਾਕਿਆਂ ਵਿੱਚ ਜ਼ੋਰਦਾਰ ਬਰਫ਼ਬਾਰੀ ਹੋ ਰਹੀ ਹੈ, ਜਿਸ ਨਾਲ ਆਮ ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ।ਇੱਕ ਪਾਸੇ ਜਿੱਥੇ ਸੈਲਾਨੀ ਇਸ ਬਰਫ਼ਬਾਰੀ ਦਾ ਆਨੰਦ ਮਾਣ ਰਹੇ ਹਨ, ਉੱਥੇ ਹੀ ਸਥਾਨਕ ਲੋਕਾਂ ਲਈ ਮੁਸ਼ਕਲਾਂ ਵਧ ਗਈਆਂ ਹਨ। ਉੱਚਾਈ ਵਾਲੇ ਇਲਾਕਿਆਂ ਵਿੱਚ ਦੋ ਤੋਂ ਤਿੰਨ ਫੁੱਟ ਤੱਕ ਬਰਫ਼ ਜੰਮ ਗਈ ਹੈ, ਜਦਕਿ ਮੈਦਾਨੀ ਇਲਾਕਿਆਂ ਵਿੱਚ ਵੀ ਲਗਭਗ ਇੱਕ ਫੁੱਟ ਬਰਫ਼ਬਾਰੀ ਦਰਜ ਕੀਤੀ ਗਈ ਹੈ। ਭਾਰੀ ਬਰਫ਼ ਅਤੇ ਭੂਸਖਲਨ ਕਾਰਨ ਕਈ ਸੜਕਾਂ, ਲਿੰਕ ਰੋਡ ਅਤੇ ਨੈਸ਼ਨਲ ਹਾਈਵੇਅ ਬੰਦ ਹੋ ਗਏ ਹਨ, ਜਿਸ ਨਾਲ ਆਵਾਜਾਈ ਠੱਪ ਹੋ ਗਈ ਹੈ।
ਜੰਮੂ-ਸ੍ਰੀਨਗਰ ਨੈਸ਼ਨਲ ਹਾਈਵੇਅ (NH-44) ਸਮੇਤ ਕਈ ਮੁੱਖ ਰਾਹਾਂ ’ਤੇ ਟ੍ਰੈਫਿਕ ਰੋਕ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਖ਼ਰਾਬ ਮੌਸਮ ਕਾਰਨ ਸ੍ਰੀਨਗਰ ਏਅਰਪੋਰਟ ਤੋਂ ਕਈ ਉਡਾਣਾਂ ਰੱਦ ਅਤੇ ਮੁਲਤਵੀ ਕੀਤੀਆਂ ਗਈਆਂ ਹਨ। ਉੱਤਰਾਖੰਡ ਦੇ ਨੈਨੀਤਾਲ, ਉੱਤਰਕਾਸ਼ੀ ਅਤੇ ਟਿਹਰੀ ਗੜ੍ਹਵਾਲ ਦੇ ਇਲਾਕਿਆਂ ਵਿੱਚ ਕਈ ਵਾਹਨ ਅਤੇ ਯਾਤਰੀ ਬਰਫ਼ ਵਿੱਚ ਫਸ ਗਏ, ਜਿਨ੍ਹਾਂ ਨੂੰ SDRF ਦੀਆਂ ਟੀਮਾਂ ਵੱਲੋਂ ਰੈਸਕਿਊ ਕਰਕੇ ਸੁਰੱਖਿਅਤ ਕੱਢਿਆ ਗਿਆ। ਹਿਮਾਚਲ ਪ੍ਰਦੇਸ਼ ਵਿੱਚ ਵੀ ਭਾਰੀ ਬਰਫ਼ਬਾਰੀ ਕਾਰਨ ਸੈਂਕੜਿਆਂ ਸੜਕਾਂ ਬੰਦ ਹਨ ਅਤੇ ਬਰਫ਼ ਹਟਾਉਣ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਹੈ।
