ਕੋਵਿਡ ਪੀੜਤ ਨੇ ਪਾਈ ਬਿਮਾਰੀ ’ਤੇ ਫ਼ਤਿਹ – ਆਈਸੋਲੇਸ਼ਨ ਤੋਂ ਭੇਜਿਆ ਗਿਆ ਇੱਕ ਹਫ਼ਤੇ ਦੇ ਘਰੇਲੂ ਇਕਾਂਤਵਾਸ ’ਚ

ਨਿਊਜ਼ ਪੰਜਾਬ

ਨਵਾਂਸ਼ਹਿਰ, 9 ਜੂਨ- ਜ਼ਿਲ੍ਹੇ ’ਚ ਅੱਜ ਇੱਕ ਹੋਰ ਮਰੀਜ਼ ਨੇ ਆਪਣੀ ਕੋਵਿਡ ਦੀ ਬਿਮਾਰੀ ’ਤੇ ਜਿੱਤ ਹਾਸਲ ਕੀਤੀ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਾਜਿੰਦਰ ਭਾਟੀਆ ਨੇ ਦੱਸਿਆ ਕਿ ਅੱਜ 28 ਸਾਲਾ ਇਸ ਵਿਅਕਤੀ ਨੂੰ ਆਈਸੋਲੇਸ਼ਨ ਕੇਂਦਰ ਤੋਂ ਘਰ ਭੇਜ ਦਿੱਤਾ ਗਿਆ।

ਉਨ੍ਹਾਂ ਦੱਸਿਆ ਕਿ ਉਸ ਨੂੰ ਘਰ ’ਚ ਇੱਕ ਹਫ਼ਤੇ ਦਾ ਇਕਾਂਤਵਾਸ ਸਮਾਂ ਪੂਰਾ ਕਰਨ ਦੀ ਹਦਾਇਤ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਵਿਅਕਤੀ 24 ਮਈ ਨੂੰ ਦਿੱਲੀ ਤੋਂ ਵਾਪਸ ਆਇਆ ਸੀ ਜਿੱਥੇ ਉਸ ਨੂੰ ਪਹਿਲਾਂ ਹੀ ਇਕਾਂਤਵਾਸ ਕਰ ਦਿੱਤਾ ਗਿਆ ਸੀ। ਫ਼ਿਰ 29 ਮਈ ਨੂੰ ਉਸ ਦਾ ਕੋਵਿਡ ਸੈਂਪਲ ਲਿਆ ਗਿਆ ਸੀ ਜੋ ਇੱਕ ਮਈ ਨੂੰ ਪਾਜ਼ਿਟਿਵ ਆਇਆ।

ਸਿਵਲ ਸਰਜਨ ਅਨੁਸਾਰ ਇਸ ਮਰੀਜ਼ ਦੇ ਕੋਵਿਡ ’ਤੇ ਕਾਬੂ ਪਾਉਣ ਬਾਅਦ ਜ਼ਿਲ੍ਹੇ ਦੇ ਐਕਟਿਵ 10 ਕੇਸਾਂ ’ਚੋਂ ਇੱਕ ਘਟ ਗਿਆ ਹੈ। ਉਨ੍ਹਾਂ ਦੱਸਿਆ ਕਿ ਬਾਕੀ ਕੋਵਿਡ ਮਰੀਜ਼ ਵੀ ਬਿਲਕੁਲ ਠੀਕ ਹਨ ਅਤੇ ਉਨ੍ਹਾਂ ਨੂੰ ਪੂਰੀ ਆਸ ਹੈ ਕਿ ਉਹ ਵੀ ਆਪਣਾ 10 ਦਿਨ ਦਾ ਸਮਾਂ ਪੂਰਾ ਕਰਦੇ ਹੋਏ ਸਿਹਤਯਾਬ ਹੋ ਕੇ ਘਰਾਂ ਨੂੰ ਜਾਣਗੇ।