ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ 763 ਸ਼ਰਧਾਲੂ ਪਾਕਿਸਤਾਨ ਲਈ ਰਵਾਨਾ
ਪੰਜਾਬ ਨਿਊਜ਼,14 ਨਵੰਬਰ 2024
ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਗੁਰਪੁਰਬ ਮਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਸ਼ਰਧਾਲੂਆਂ ਦਾ ਜਥਾ ਜੈਕਾਰਿਆਂ ਦੀ ਗੂੰਜ ਵਿਚ ਪਾਕਿਸਤਾਨ ਲਈ ਰਵਾਨਾ ਕੀਤਾ ਗਿਆ। ਇਸ ਜਥੇ ਦੀ ਅਗਵਾਈ ਸ਼੍ਰੋਮਣੀ ਕਮੇਟੀ ਮੈਂਬਰ ਗੁਰਨਾਮ ਸਿੰਘ ਨੂੰ ਸੌਂਪੀ ਗਈ ਹੈ। ਉਨ੍ਹਾਂ ਨਾਲ ਡਿਪਟੀ ਲੀਡਰ ਸ਼੍ਰੋਮਣੀ ਕਮੇਟੀ ਮੈਂਬਰ ਸ਼ਰਨਜੀਤ ਕੌਰ ਗਏ ਹਨ।
ਇਸ ਮੌਕੇ ਮੁੱਖ ਸਕੱਤਰ ਕੁਲਵੰਤ ਸਿੰਘ ਅਤੇ ਜੱਥਾ ਲੀਡਰ ਗੁਰਨਾਮ ਸਿੰਘ ਨੇ ਦੱਸਿਆ ਕਿ ਭਾਵੇਂ ਪੂਰੀ ਦੁਨੀਆਂ ਅੰਦਰ ਸ੍ਰੀl ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮਾਗਮ ਸਜਾਏ ਜਾਂਦੇ ਹਨ, ਪਰੰਤੂ ਗੁਰੂ ਸਾਹਿਬ ਦੇ ਪ੍ਰਕਾਸ਼ ਅਸਥਾਨ ਨਨਕਾਣਾ ਸਾਹਿਬ ਵਿਖੇ ਗੁਰਪੁਰਬ ਸਮਾਗਮਾਂ ਦਾ ਹਿੱਸਾ ਬਣਨਾ ਸ਼ਰਧਾਲੂਆਂ ਲਈ ਸੁਭਾਗੇ ਪਲ ਹਨ। ਉਨ੍ਹਾਂ ਕਿਹਾ ਕਿ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਥੇ ਦੀ ਅਗਵਾਈ ਕਰਨਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਹਰ ਸਿੱਖ ਪਾਕਿਸਤਾਨ ਸਥਿਤ ਗੁਰਦੁਆਰਾ ਸਾਹਿਬਾਨ ਦੇ ਦਰਸ਼ਨਾਂ ਦੀ ਤਾਂਘ ਰੱਖਦਾ ਹੈ ਅਤੇ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਸ਼ਰਧਾਲੂਆਂ ਨੂੰ ਵੱਧ ਤੋਂ ਵੱਧ ਵੀਜੇ ਦੇਵੇ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵਲੋਂ ਭੇਜੇ ਗਏ 2244 ਸ਼ਰਧਾਲੂਆਂ ਦੇ ਪਾਸਪੋਰਟਾਂ ਚੋਂ 1481 ਵੀਜੇ ਕੱਟੇ ਗਏ ਤੇ ਸਿਰਫ 763 ਵੀਜੇ ਜਾਰੀ ਕੀਤੇ ਗਏ ਜੋ ਕਿ ਅਤਿ ਨਿੰਦਨਯੋਗ ਹੈ ਉਨ੍ਹਾਂ ਕਿਹਾ ਕਿ ਜਿਨ੍ਹਾਂ ਸ਼ਰਧਾਲੂਆਂ ਦੇ ਵੀਜੇ ਨਹੀਂ ਲਗਦੇ ਉਨ੍ਹਾਂ ਦੇ ਮਨਾਂ ਨੂੰ ਠੇਸ ਪੁੱਜਦੀ ਹੈ। ਜਿਸ ਕਾਰਨ ਸ਼ਰਧਾਲੂਆਂ ਦੇ ਮਨਾਂ ਵਿਚ ਰੋਸ ਹੈ।
ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਨੇ ਦੱਸਿਆ ਕਿ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਪ੍ਰਕਾਸ਼ ਗੁਰਪੁਰਬ ਮਨਾਉਣ ਲਈ ਗਿਆ ਜਥਾ ਪਾਕਿਸਤਾਨ ਸਥਿਤ ਹੋਰਨਾਂ ਇਤਿਹਾਸਕ ਗੁਰ-ਅਸਥਾਨਾਂ ਦੇ ਵੀ ਦਰਸ਼ਨ ਕਰੇਗਾ। ਉਨ੍ਹਾਂ ਦੱਸਿਆ ਕਿ ਜੱਥੇ ਨਾਲ ਪਕਿਸਤਾਨ ਸਥਿਤ ਇਤਿਹਾਸਿਕ ਤੇ ਪਾਵਨ ਪਵਿਤਰ ਗੁਰਧਾਮਾਂ ਦੇ ਨਿਸ਼ਾਨ ਸਾਹਿਬਾਨ ਲਈ ਬਸੰਤੀ ਰੰਗ ਦੇ ਪੋਸ਼ਾਕੇ ਅਤੇ ਸਿੱਖੀ ਕੱਕਾਰ ਵੀ ਭੇਜੇ ਜਾ ਰਹੇ ਹਨ
ਉਨ੍ਹਾਂ ਦੱਸਿਆ ਕਿ ਸ਼ਰਧਾਲੂਆਂ ਦਾ ਜਥਾ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਉਣ ਉਪਰੰਤ ਗੁਰਦੁਆਰਾ ਸ੍ਰੀ ਸੱਚਾ ਸੌਦਾ, ਮੰਡੀ ਚੂਹੜਕਾਨਾ (ਸ਼ੇਖੂਪੁਰਾ) ਵਿਖੇ ਨਤਮਸਤਕ ਹੋਵੇਗਾ। ਇਸੇ ਤਰ੍ਹਾਂ ਸ਼ਰਧਾਲੂ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਅਸਨ ਅਬਦਾਲ, ਜਥਾ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਲਾਹੌਰ , ਗੁਰਦੁਆਰਾ ਸ੍ਰੀ ਰੋੜੀ ਸਾਹਿਬ ਐਮਨਾਬਾਦ ਅਤੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ 21 ਨਵੰਬਰ ਦੀ ਸ਼ਾਮ ਨੂੰ ਸ੍ਰੀ ਡੇਹਰਾ ਸਾਹਿਬ ਲਾਹੌਰ ਵਿਖੇ ਵਾਪਸ ਪਰਤ ਆਵੇਗਾ। 22 ਨਵੰਬਰ ਨੂੰ ਜਥਾ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਲਾਹੋਰ ਵਿਖੇ ਰੁਕੇਗਾ, ਜਿਥੋਂ 23 ਨਵੰਬਰ ਨੂੰ ਜਥੇ ਦੀ ਭਾਰਤ ਵਾਪਸੀ ਹੋਵੇਗੀ।