ਭੋਜਪੁਰੀ ਅਦਾਕਾਰਾ ਅਕਸ਼ਰਾ ਸਿੰਘ ਨੂੰ ਜਾਨੋਂ ਮਾਰਨ ਦੀ ਧਮਕੀ, 50 ਲੱਖ ਦੇ ਨਹੀਂ ਤਾਂ…
13 ਨਵੰਬਰ 2024
ਬਿਹਾਰ ‘ਚ ਇਨ੍ਹੀਂ ਦਿਨੀਂ ਸਿਆਸਤਦਾਨਾਂ ਅਤੇ ਅਦਾਕਾਰਾਂ ਨੂੰ ਫੋਨ ‘ਤੇ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ। ਕੁਝ ਦਿਨ ਪਹਿਲਾਂ ਹੀ ਪੂਰਨੀਆ ਤੋਂ ਸੰਸਦ ਮੈਂਬਰ ਪੱਪੂ ਯਾਦਵ ਨੂੰ ਧਮਕੀ ਮਿਲੀ ਸੀ। ਹਾਲਾਂਕਿ ਮਾਮਲਾ ਵੱਖਰਾ ਸੀ ਪਰ ਹੁਣ ਭੋਜਪੁਰੀ ਅਦਾਕਾਰਾ ਅਕਸ਼ਰਾ ਸਿੰਘ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਉਸ ਤੋਂ ਫੋਨ ‘ਤੇ 50 ਲੱਖ ਰੁਪਏ ਦੀ ਮੰਗ ਕੀਤੀ ਗਈ। ਇਸ ਮਾਮਲੇ ਵਿੱਚ ਅਕਸ਼ਰਾ ਸਿੰਘ ਨੇ ਪਟਨਾ ਦੇ ਦਾਨਾਪੁਰ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ।
ਦੱਸਿਆ ਜਾਂਦਾ ਹੈ ਕਿ ਭੋਜਪੁਰੀ ਅਭਿਨੇਤਰੀ ਅਕਸ਼ਰਾ ਸਿੰਘ ਨੂੰ ਬੀਤੀ ਦੇਰ ਰਾਤ (11 ਨਵੰਬਰ) ਨੂੰ ਇੱਕ ਫੋਨ ਆਇਆ ਸੀ ਜਿਸ ਵਿੱਚ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ। ਉਸ ਨੂੰ ਇੱਕ ਵਾਰ ਨਹੀਂ ਸਗੋਂ ਦੋ ਵਾਰ ਫ਼ੋਨ ਆਇਆ ਸੀ। ਉਸ ਦੇ ਮੋਬਾਈਲ ‘ਤੇ ਪਹਿਲੀ ਕਾਲ 12.20 ਵਜੇ ਆਈ ਅਤੇ ਦੂਜੀ ਕਾਲ 12.21 ਵਜੇ ਆਈ। ਫੋਨ ਕਰਨ ਵਾਲੇ ਨੇ ਕਿਹਾ ਕਿ ਜੇਕਰ ਦੋ ਦਿਨਾਂ ਦੇ ਅੰਦਰ ਪੈਸੇ ਨਾ ਦਿੱਤੇ ਤਾਂ ਉਸ ਨੂੰ ਮਾਰ ਦਿੱਤਾ ਜਾਵੇਗਾ।