ਇਕਾਂਤਵਾਸ ਭੰਗ ਕਰਨ ’ਤੇ ਇੱਕ ਵਿਅਕਤੀ ਦਾ ਇਕਾਂਤਵਾਸ ਸਮਾਂ ਵਧਾਇਆ ਦੋ ਹਫ਼ਤੇ ਦੀ ਬਜਾਏ ਪੰਜ ਦਿਨ ਹੋਰ ਕਰਨਾ ਪਵੇਗਾ ਇਕਾਂਤਵਾਸ
-ਮਿਸ਼ਨ ਫ਼ਤਿਹ-
ਜ਼ਿਲ੍ਹਾ ਪ੍ਰਸ਼ਾਸਨ ਇਕਾਂਤਵਾਸ ਤੋੜਨ ਵਾਲਿਆਂ ਖਿਲਾਫ਼ ਸਖ਼ਤ
ਨਿਊਜ਼ ਪੰਜਾਬ
ਨਵਾਂਸ਼ਹਿਰ, 9 ਜੂਨ-ਪੰਜਾਬ ਸਰਕਾਰ ਵੱਲੋਂ ਮਿਸ਼ਨ ਫ਼ਤਿਹ ਤਹਿਤ ਰਾਜ ਦੇ ਲੋਕਾਂ ਨੂੰ ਕੋਵਿਡ ਪ੍ਰੋਟੋਕਾਲ ਦੀ ਮੁਕੰਮਲ ਪਾਲਣਾ ਕਰਵਾ ਕੇ ਰਾਜ ਨੂੰ ਕੋਰੋਨਾ ਮੁਕਤ ਕਰਨ ਦੀ ਮੁਹਿੰਮ ਨੂੰ ਸਖਤੀ ਨਾਲ ਅਪਣਾਉਂਦਿਆਂ ਸਿਹਤ ਵਿਭਾਗ ਸ਼ਹੀਦ ਭਗਤ ਸਿੰਘ ਨਗਰ ਨੇ ਇਕਾਂਤਵਾਸ ਦੀ ਉਲੰਘਣਾ ਕਰਨ ਵਾਲੇ ਇੱਕ ਵਿਅਕਤੀ ਦਾ ਇਕਾਂਤਵਾਸ ਸਮਾਂ ਪੰਜ ਦਿਨ ਲਈ ਵਧਾ ਦਿੱਤਾ।
ਸਿਵਲ ਸਰਜਨ ਡਾ. ਰਾਜਿੰਦਰ ਭਾਟੀਆ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਮਿਸ਼ਨ ਫ਼ਤਿਹ ਤਹਿਤ ਜ਼ਿਲ੍ਹੇ ਨੂੰ ਕੋਵਿਡ ਮੁਕਤ ਬਣਾਉਣ ਲਈ ਇਕਾਂਤਵਾਸ ਨਿਯਮਾਂ ਨੂੰ ਭੰਗ ਕਰਨ ਵਾਲਿਆਂ ’ਤੇ ਸਖਤ ਨਜ਼ਰ ਰੱਖੀ ਜਾ ਰਹੀ ਹੈ, ਜਿਸ ਤਹਿਤ ਆਸ਼ਾ ਵਰਕਰਾਂ ਵੱਲੋਂ ਅਤੇ ਏ ਐਨ ਐਮਜ਼ ਨੂੰ ਵਿਸ਼ੇਸ਼ ਤੌਰ ’ਤੇ ਜ਼ਿੰਮੇਂਵਾਰੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਦੇ ਧਿਆਨ ’ਚ ਬੈਰਸੀਆਂ ਅਤੇ ਰਾਹੋਂ ਦੇ ਦੋ ਮਾਮਲੇ ਆਏ ਸਨ, ਜਿਨ੍ਹਾਂ ’ਚ ਇਕਾਂਤਵਾਸ ਭੰਗ ਕਰਨ ਦੀ ਸੂਚਨਾ ਸੀ। ਇਸ ਸੂਚਨਾ ਤੇ ਆਧਾਰ ’ਤੇ ਬੈਰਸੀਆਂ ਅਤੇ ਰਾਹੋਂ ਦਾ ਸਿਹਤ ਟੀਮਾਂ ਵੱਲੋਂ ਦੋਵਾਂ ਵਿਅਕਤੀਆਂ ਕੋਲ ਪਹੁੰਚ ਕੀਤੀ ਗਈ ਅਤੇ ਉਨ੍ਹਾਂ ’ਚੋਂ ਇੱਕ ਸਬੰਧੀ ਸੂਚਨਾ ਨੂੰ ਸਹੀ ਪਾਇਆ ਗਿਆ। ਬੈਰਸੀਆਂ ਦੇ ਇ4ਸ ਵਿਅਕਤੀ ਦਾ ਇਕਾਂਸਵਾਸ ਸਮਾਂ 5 ਦਿਨ ਦਾ ਵਧਾ ਦਿੱਤਾ ਗਿਆ।
ਡਾ. ਭਾਟੀਆ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਦੀਆਂ ਹਦਾਇਤਾਂ ਅਨੁਸਾਰ ਪਹਿਲੀ ਵਾਰ ਉਲੰਘਣਾ ਤੇ ਇਕਾਂਤਵਾਸ ਸਮੇਂ ’ਚ ਵਾਧਾ ਹੋਵੇਗਾ, ਦੂਸਰੀ ਉਲੰਘਣਾ ’ਤੇ 2000 ਰੁਪਏ ਦਾ ਜੁਰਮਾਨਾ ਅਤੇ ਤੀਸਰੀ ਉਲੰਘਣਾ ’ਤੇ ਧਾਰਾ 188 ਤਹਿਤ ਗਿ੍ਰਫ਼ਤਾਰੀ ਹੋ ਸਕਦੀ ਹੈ, ਜਿਸ ਕਾਰਨ ਕੁਆਰਨਟੀਨ ਦੀ ਹਦਾਇਤ ਵਾਲੇ ਸਾਰੇ ਵਿਅਕਤੀਆਂ ਨੂੰ ਆਪਣਾ ਇਕਾਂਤਵਾਸ ਸਮਾਂ ਪੂਰਾ ਲਾਜ਼ਮੀ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇਕਾਂਤਵਾਸ ’ਚ ਰੱਖੇ ਗਏ ਅਤੇ ਰੋਜ਼ਾਨਾ ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ’ਚ ਜਾਣ ਵਾਲੇ ਵਿਅਕਤੀਆਂ ਲਈ ਆਪਣੇ ਮੋਬਾਇਲਾਂ ’ਤੇ ਕੋਵਾ ਐਪ ਡਾਊਨਲੋਡ ਕਰਨੀ ਵੀ ਜ਼ਰੂਰੀ ਹੈ।