ਨਿਊਜ਼ ਪੰਜਾਬ
20 ਜਨਵਰੀ 2026
ਨਿਤਿਨ ਨਬੀਨ ਨੂੰ ਭਾਰਤੀ ਜਨਤਾ ਪਾਰਟੀ ਦਾ ਨਵਾਂ ਰਾਸ਼ਟਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਚੋਣ ਅਧਿਕਾਰੀ ਵੱਲੋਂ ਉਨ੍ਹਾਂ ਨੂੰ ਨਿਯੁਕਤੀ ਪੱਤਰ ਸੌਂਪਿਆ ਗਿਆ, ਜਿਸ ਉਪਰੰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦਾ ਹਾਰ ਪਾ ਕੇ ਸਵਾਗਤ ਕੀਤਾ ਅਤੇ ਵਧਾਈਆਂ ਦਿੱਤੀਆਂ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਨਿਤਿਨ ਨਬੀਨ ਦਾ ਦੁਨੀਆ ਦੀ ਸਭ ਤੋਂ ਵੱਡੀ ਰਾਜਨੀਤਕ ਪਾਰਟੀ ਦਾ ਪ੍ਰਧਾਨ ਚੁਣਿਆ ਜਾਣਾ ਭਾਜਪਾ ਦੇ ਲੋਕਤੰਤਰਕ ਮੁੱਲਾਂ ਅਤੇ ਵਰਕਰ-ਕੇਂਦ੍ਰਿਤ ਸੋਚ ਦਾ ਪ੍ਰਤੀਕ ਹੈ। ਉਨ੍ਹਾਂ ਦੱਸਿਆ ਕਿ ਪਾਰਟੀ ਦੇ ਸੰਵਿਧਾਨ ਅਨੁਸਾਰ ਹੇਠਲੀ ਇਕਾਈ ਤੋਂ ਲੈ ਕੇ ਰਾਸ਼ਟਰੀ ਪ੍ਰਧਾਨ ਦੀ ਚੋਣ ਤੱਕ ਪੂਰੀ ਪ੍ਰਕਿਰਿਆ ਪਾਰਦਰਸ਼ੀ ਅਤੇ ਲੋਕਤੰਤਰੀ ਢੰਗ ਨਾਲ ਪੂਰੀ ਕੀਤੀ ਗਈ ਹੈ। ਮੋਦੀ ਨੇ ਦੇਸ਼ ਭਰ ਦੇ ਵਰਕਰਾਂ ਦੀ ਸਰਾਹਨਾ ਕਰਦਿਆਂ ਕਿਹਾ ਕਿ ਸ਼ਿਆਮਾ ਪ੍ਰਸਾਦ ਮੁਖਰਜੀ, ਅਟਲ ਬਿਹਾਰੀ ਵਾਜਪਾਈ ਅਤੇ ਆਰ.ਐੱਸ.ਐੱਸ. ਦੀਆਂ ਮਹੱਤਵਪੂਰਨ ਜਯੰਤੀਆਂ ਤੋਂ ਮਿਲੀ ਪ੍ਰੇਰਣਾ ਪਾਰਟੀ ਦੀ ਲੀਡਰਸ਼ਿਪ ਨੂੰ ਦੇਸ਼ ਸੇਵਾ ਦੇ ਰਾਹ ‘ਤੇ ਅੱਗੇ ਵਧਾਉਂਦੀ ਰਹੇਗੀ।
