ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ: 4.8 ਕਿਲੋ ਹੈਰੋਇਨ, ਵਿਦੇਸ਼ੀ ਹਥਿਆਰ ਤੇ ਮਹਿੰਗੀਆਂ ਕਾਰਾਂ ਸਮੇਤ 3 ਗ੍ਰਿਫ਼ਤਾਰ

ਨਿਊਜ਼ ਪੰਜਾਬ

16 ਜਨਵਰੀ 2026

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਨਸ਼ਾ ਤਸਕਰੀ ਅਤੇ ਨਾਰਕੋ–ਟੈਰਰਿਜ਼ਮ ਖ਼ਿਲਾਫ਼ ਵੱਡੀ ਸਫਲਤਾ ਹਾਸਲ ਕਰਦੇ ਹੋਏ ਇੱਕ ਅੰਤਰਰਾਸ਼ਟਰੀ ਨਸ਼ਾ ਤਸਕਰੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਕਾਰਵਾਈ ਦੌਰਾਨ ਪੁਲਿਸ ਨੇ 3 ਆਰੋਪੀਆਂ ਨੂੰ ਗ੍ਰਿਫ਼ਤਾਰ ਕਰਕੇ ਭਾਰੀ ਮਾਤਰਾ ਵਿੱਚ ਹੈਰੋਇਨ, ਆਧੁਨਿਕ ਹਥਿਆਰ, ਗੋਲਾਬਾਰੂਦ ਅਤੇ ਮਹਿੰਗੀਆਂ ਗੱਡੀਆਂ ਬਰਾਮਦ ਕੀਤੀਆਂ ਹਨ। ਡੀਆਈਜੀ ਬਾਰਡਰ ਰੇਂਜ ਸੰਦੀਪ ਗੋਇਲ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪੰਜਾਬ ਸਰਕਾਰ ਦੀ ਨਸ਼ਿਆਂ ਅਤੇ ਗੈਂਗਸਟਰਵਾਦ ਖ਼ਿਲਾਫ਼ “ਜ਼ੀਰੋ ਟੋਲਰੈਂਸ” ਨੀਤੀ ਤਹਿਤ ਇਹ ਵੱਡਾ ਆਪ੍ਰੇਸ਼ਨ ਕੀਤਾ ਗਿਆ ਹੈ।

ਪੁਲਿਸ ਨੇ ਤਕਰੀਬਨ 4 ਕਿਲੋ 863 ਗ੍ਰਾਮ ਹੈਰੋਇਨ, 4 ਵਿਦੇਸ਼ੀ ਪਿਸਤੌਲ (2 ਗਲੌਕ, 2 ਪੀਐਕਸ-5), 2 ਰਾਈਫ਼ਲਾਂ (ਇੱਕ ਪੰਪ ਐਕਸ਼ਨ ਸਮੇਤ), 160 ਤੋਂ ਵੱਧ ਜਿੰਦਾ ਕਾਰਤੂਸ, ਅਤੇ ਥਾਰ ਤੇ i20 ਸਮੇਤ 3 ਕਾਰਾਂ ਬਰਾਮਦ ਕੀਤੀਆਂ ਹਨ। ਗ੍ਰਿਫ਼ਤਾਰ ਆਰੋਪੀਆਂ ਵਿੱਚ ਅਜ਼ੂਲ ਅਰੋੜਾ, ਦਿਲਪ੍ਰੀਤ ਕੌਰ ਅਤੇ ਪ੍ਰਥਮ ਸ਼ਰਮਾ ਸ਼ਾਮਲ ਹਨ। ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਇਹ ਪੂਰਾ ਨਾਰਕੋ–ਟੈਰਰ ਮੋਡਿਊਲ ਗੈਂਗਸਟਰ ਸੱਤਾ ਨਸ਼ਹਿਰਾ ਅਤੇ ਉਸਦੇ ਸਹਿਯੋਗੀ ਅਭਿਰਾਜ ਦੇ ਇਸ਼ਾਰਿਆਂ ’ਤੇ ਚਲਾਇਆ ਜਾ ਰਿਹਾ ਸੀ।

ਦਿਲਪ੍ਰੀਤ ਕੌਰ, ਜੋ ਅਭਿਰਾਜ ਦੀ ਮਾਂ ਹੈ, ਨਸ਼ੇ ਦੇ ਪੈਸਿਆਂ ਅਤੇ ਹਥਿਆਰਾਂ ਦੀ ਲੈਣ-ਦੇਣ ਵਿੱਚ ਸਰਗਰਮ ਭੂਮਿਕਾ ਨਿਭਾ ਰਹੀ ਸੀ। ਇਸ ਦਰਮਿਆਨ ਇੱਕ ਹੋਰ ਵੱਡਾ ਖੁਲਾਸਾ ਹੋਇਆ ਕਿ ਇੱਕ ਆਰੋਪੀ ਇਲਾਜ ਦੌਰਾਨ ਗੁਰੂ ਨਾਨਕ ਦੇਵ ਹਸਪਤਾਲ ਤੋਂ ਫਰਾਰ ਹੋ ਗਿਆ, ਜਿਸ ’ਤੇ ਪੁਲਿਸ ਨੇ ਸਖ਼ਤੀ ਦਿਖਾਉਂਦੇ ਹੋਏ ਡਿਊਟੀ ’ਚ ਲਾਪਰਵਾਹੀ ਵਰਤਣ ਵਾਲੇ ਪੁਲਿਸ ਕਰਮਚਾਰੀਆਂ ਖ਼ਿਲਾਫ਼ ਵੀ ਮਾਮਲਾ ਦਰਜ ਕੀਤਾ ਹੈ।

ਉੱਥੇ ਹੀ, ਗੁਰਦਾਸਪੁਰ ਡੀਸੀ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਮਗਰੋਂ ਪ੍ਰਸ਼ਾਸਨ ਅਤੇ ਸੁਰੱਖਿਆ ਏਜੰਸੀਆਂ ਚੌਕੰਨੀ ਹੋ ਗਈਆਂ ਹਨ। ਡੀਆਈਜੀ ਸੰਦੀਪ ਗੋਇਲ ਨੇ ਕਿਹਾ ਕਿ ਅਜਿਹੀਆਂ ਧਮਕੀਆਂ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਹਰ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਇਸ ਮੋਡਿਊਲ ਨਾਲ ਜੁੜੇ ਹੋਰ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ ਅਤੇ ਜਲਦੀ ਹੀ ਹੋਰ ਖੁਲਾਸੇ ਕੀਤੇ ਜਾਣਗੇ।