ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ, ਵਿਰਸਾ ਸਿੰਘ ਵਲਟੋਹਾ ਦੀ ਮੁਆਫੀ ਕਬੂਲ

ਨਿਊਜ਼ ਪੰਜਾਬ

8 ਦਸੰਬਰ 2025

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅੱਜ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਹੋਈ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਦੀ ਹਾਜ਼ਰੀ ਵਿੱਚ ਜਥੇਦਾਰ ਸਾਹਿਬ ਨੇ ਕਈ ਅਹਿਮ ਫੈਸਲੇ ਸੁਣਾਏ ਹਨ, ਜਿਸ ਵਿੱਚ ਸਿਆਸੀ ਆਗੂਆਂ, ਸਾਬਕਾ ਜਥੇਦਾਰਾਂ, ਅਤੇ ਵਿਦਵਾਨਾਂ ਨਾਲ ਸਬੰਧਤ ਮਾਮਲੇ ਸ਼ਾਮਲ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੋਏ ਫੈਸਲਿਆਂ ਦੇ ਸਬੰਧ ‘ਚ ਕੁੱਝ ਲੋਕਾਂ ਵਲੋਂ ਪੇਸ਼ ਹੋ ਕੇ ਮੁਅਫ਼ੀਆਂ ਮੰਗੀਆਂ ਗਈਆਂ ਹਨ। ਇਸ ਦੌਰਾਨ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ , ਅਕਾਲੀ ਲੀਡਰ ਵਿਰਸਾ ਸਿੰਘ ਵਲਟੋਹਾ, ਜਸਵੰਤ ਸਿੰਘ ਜ਼ਫਰ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਸਮੇਤ 5 ਜਾਣੇ ਸ੍ਰੀ ਅਕਾਲ ਤਖ਼ਤ ਦੇ ਸਨਮੁੱਖ ਪੇਸ਼ ਹੋਏ।

ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋ ਕੇ ਵਿਰਸਾ ਸਿੰਘ ਵਲਟੋਹਾ ਨੇ ਮੁਆਫੀ ਮੰਗੀ ਹੈ। ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਵਲਟੋਹਾ ਨੂੰ ਸਪੱਸ਼ਟ ਆਦੇਸ਼ ਦਿੱਤਾ ਕਿ ਉਹ ਧਾਰਮਿਕ ਸ਼ਖਸੀਅਤਾਂ ਬਾਰੇ ਕੋਈ ਬਿਆਨਬਾਜ਼ੀ ਨਾ ਕਰਨ। ਵਿਰਸਾ ਸਿੰਘ ਵਲਟੋਹਾ ‘ਤੇ ਲੱਗੀ 10 ਸਾਲ ਲਈ ਅਕਾਲੀ ਦਲ ਵਿੱਚੋਂ ਕੱਢੇ ਜਾਣ ਦੀ ਪਾਬੰਦੀ ਹਟਾ ਦਿੱਤੀ ਗਈ ਹੈ। ਇਸ ਪਾਬੰਦੀ ਨੂੰ ਹਟਾਉਣ ਦੇ ਨਾਲ ਵਲਟੋਹਾ ਦਾ ਅਕਾਲੀ ਦਲ ਵਿੱਚ ਮੁੜ ਸ਼ਾਮਲ ਹੋਣ ਦਾ ਰਸਤਾ ਹੁਣ ਖੁੱਲ੍ਹ ਗਿਆ ਹੈ। ਵਿਰਸਾ ਸਿੰਘ ਵਲਟੋਹਾ ਨੇ ਅਕਤੂਬਰ 2024 ’ਚ ਪੰਥ ਦੀਆਂ ਸਿਰਮੌਰ ਸਖਸ਼ੀਅਤਾਂ ਦੇ ਖਿਲਾਫ ਬਿਆਨਬਾਜ਼ੀ ਕੀਤੀ ਸੀ। ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਵਿਰਸਾ ਸਿੰਘ ਵਲਟੋਹਾ ਦੀ ਮੁਆਫ਼ੀ ਕਬੂਲ ਕੀਤੀ ਅਤੇ ਧਾਰਮਿਕ ਸਜ਼ਾ ਲਗਾਉਂਦੇ ਹੋਏ 3 ਦਿਨ ਸ੍ਰੀ ਦਰਬਾਰ ਸਾਹਿਬ ’ਚ ਜੂਠੇ ਭਾਂਡੇ ਮਾਂਜਣ ,ਇੱਕ ਘੰਟਾ ਸੰਗਤ ਦੇ ਜੋੜੇ ਝਾੜਨ ਦੀ ਸੇਵਾ ਲਗਾਈ ਗਈ ਅਤੇ 11 ਦਿਨ ਰੋਜ਼ਾਨਾ ਗੁਰਬਾਣੀ ਦਾ ਜਾਪ ਕਰਨਗੇ। ਧਾਰਮਿਕ ਸਜ਼ਾ ਪੂਰੀ ਹੋਣ ਮਗਰੋਂ 1100 ਰੁ. ਦੀ ਦੇਗ ਤੇ 1100 ਰੁ. ਗੋਲਕ ’ਚ ਪਾਉਣ ਦੇ ਆਦੇਸ਼ ਦਿੱਤੇ ਗਏ ਹਨ।