ਨਿਊਜ਼ ਪੰਜਾਬ
5 ਜਨਵਰੀ 2026
ਪਾਕਿਸਤਾਨ ਵਿੱਚ ਵਿਆਹ ਕਰਵਾਉਣ ਗਈ ਭਾਰਤੀ ਸਿੱਖ ਸ਼ਰਧਾਲੂ ਸਰਬਜੀਤ ਕੌਰ ਨੂੰ ਪਾਕਿਸਤਾਨੀ ਅਧਿਕਾਰੀਆਂ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸਦੇ ਪਾਕਿਸਤਾਨੀ ਪਤੀ ਨਾਸਿਰ ਹੁਸੈਨ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ। ਪਾਕਿਸਤਾਨ ਸਰਕਾਰ ਨੇ ਹੁਣ ਸਰਬਜੀਤ ਕੌਰ ਨੂੰ ਭਾਰਤ ਵਾਪਸ ਭੇਜਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਉਹਨੂੰ ਸਰਹੱਦ ਰਾਹੀਂ ਕਿਸੇ ਵੀ ਸਮੇਂ ਭਾਰਤ ਭੇਜਿਆ ਜਾ ਸਕਦਾ ਹੈ।
ਮਿਲੀ ਜਾਣਕਾਰੀ ਅਨੁਸਾਰ ਸਰਬਜੀਤ ਕੌਰ 4 ਨਵੰਬਰ 2025 ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਿੱਖ ਸ਼ਰਧਾਲੂਆਂ ਦੇ ਜਥੇ ਨਾਲ ਪਾਕਿਸਤਾਨ ਗਈ ਸੀ। ਉੱਥੇ ਉਸਨੇ ਪਾਕਿਸਤਾਨੀ ਨੌਜਵਾਨ ਨਾਸਿਰ ਹੁਸੈਨ ਨਾਲ ਨਿਕਾਹ ਕਰਵਾਇਆ ਅਤੇ ਵਿਆਹ ਤੋਂ ਬਾਅਦ ਆਪਣਾ ਨਾਮ ਨੂਰ ਹੁਸੈਨ ਰੱਖ ਲਿਆ। ਸਰਬਜੀਤ ਕੌਰ ਕੋਲ ਸਿੰਗਲ ਐਂਟਰੀ ਤੀਰਥ ਯਾਤਰੀ ਵੀਜ਼ਾ ਸੀ, ਜਿਸਦੀ ਮਿਆਦ ਖ਼ਤਮ ਹੋ ਚੁੱਕੀ ਸੀ।
ਪਾਕਿਸਤਾਨੀ ਮੀਡੀਆ ਦੇ ਹਵਾਲੇ ਨਾਲ ਸਾਹਮਣੇ ਆਇਆ ਹੈ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਪੰਜਾਬ ਸੂਬੇ ਦੇ ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਦੱਸਿਆ ਕਿ ਇਹ ਗ੍ਰਿਫ਼ਤਾਰੀ ਬੀਤੇ ਦਿਨ ਨਨਕਾਣਾ ਸਾਹਿਬ ਦੇ ਪਿੰਡ ਪਹੇੜੇ ਵਾਲੀ ਵਿੱਚ ਕੀਤੀ ਗਈ। ਇੰਟੈਲੀਜੈਂਸ ਬਿਊਰੋ (IBD) ਅਤੇ ਸਥਾਨਕ ਪੁਲਿਸ ਨੇ ਸਾਂਝੀ ਕਾਰਵਾਈ ਦੌਰਾਨ ਜੋੜੇ ਨੂੰ ਹਿਰਾਸਤ ਵਿੱਚ ਲਿਆ।
ਦੱਸਣਯੋਗ ਹੈ ਕਿ ਸਰਬਜੀਤ ਕੌਰ ਅਤੇ ਨਾਸਿਰ ਹੁਸੈਨ 2016 ਤੋਂ ਟਿਕਟੌਕ ਰਾਹੀਂ ਸੰਪਰਕ ਵਿੱਚ ਸਨ। ਸਰਬਜੀਤ ਕੌਰ ਨੇ ਪਹਿਲਾਂ ਵੀ ਕਈ ਵਾਰ ਪਾਕਿਸਤਾਨ ਜਾਣ ਲਈ ਵੀਜ਼ਾ ਲੈਣ ਦੀ ਕੋਸ਼ਿਸ਼ ਕੀਤੀ ਸੀ, ਪਰ ਕਾਨੂੰਨੀ ਕਾਰਨਾਂ ਕਰਕੇ ਉਸ ਦੀਆਂ ਅਰਜ਼ੀਆਂ ਰੱਦ ਹੋ ਜਾਂਦੀਆਂ ਸਨ। ਸਰਬਜੀਤ ਕੌਰ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੀ ਰਹਿਣ ਵਾਲੀ ਹੈ।
