ਕੈਬਿਨਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨਿਮਾਣੇ ਸਿੱਖ ਵਜੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਪੇਸ਼, ਸਪਸ਼ਟੀਕਰਨ ਕਬੂਲ

ਨਿਊਜ਼ ਪੰਜਾਬ

ਅੰਮ੍ਰਿਤਸਰ:5 ਜਨਵਰੀ 2026

ਅੰਮ੍ਰਿਤਸਰ ਵਿੱਚ ਅੱਜ ਪੰਜਾਬ ਸਰਕਾਰ ਦੇ ਕੈਬਿਨਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਸਕੱਤਰੇਤ ਵਿੱਚ ਨਿਮਾਣੇ ਸਿੱਖ ਵਜੋਂ ਪੇਸ਼ ਹੋਏ ਅਤੇ ਆਪਣੇ ਵਿਭਾਗ ਵੱਲੋਂ ਪੂਰਾ ਸਪਸ਼ਟੀਕਰਨ ਦਿੱਤਾ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਨਿੱਜੀ ਤੌਰ ’ਤੇ ਵੀ ਅਤੇ ਆਪਣੇ ਵਿਭਾਗ ਦੀ ਓਰੋਂ ਵੀ ਸਾਰੀਆਂ ਗੱਲਾਂ ਸਾਫ਼-ਸਾਫ਼ ਰੱਖ ਦਿੱਤੀਆਂ ਹਨ।

ਤਰਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਉਨ੍ਹਾਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਟੂਰਿਜ਼ਮ ਵਿਭਾਗ ਵਿੱਚ ਅਜਿਹਾ ਅਫਸਰ ਨਿਯੁਕਤ ਕੀਤਾ ਜਾਵੇ, ਜਿਸ ਨੂੰ ਸਿੱਖ ਸਿਧਾਂਤਾਂ, ਸਿੱਖ ਮਰਿਆਦਾ ਅਤੇ ਪੰਜਾਬ ਦੀ ਵਿਰਾਸਤ ਬਾਰੇ ਪੂਰੀ ਜਾਣਕਾਰੀ ਹੋਵੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਗੱਲ ਕਰਕੇ ਅਜਿਹੀ ਨਿਯੁਕਤੀ ਕਰਨ ਦੀ ਅਪੀਲ ਕਰਨਗੇ।

ਕੈਬਿਨਟ ਮੰਤਰੀ ਨੇ ਸਪਸ਼ਟ ਕੀਤਾ ਕਿ ਭਵਿੱਖ ਵਿੱਚ ਕਿਸੇ ਵੀ ਤਸਵੀਰ ਜਾਂ ਪ੍ਰਚਾਰ ਸਮੱਗਰੀ ਵਿੱਚ ਕਿਸੇ ਤਰ੍ਹਾਂ ਦੀ ਕੁਤਾਹੀ ਨਾ ਰਹੇ, ਇਸ ਲਈ ਇੱਕ ਸੂਝਵਾਨ ਅਤੇ ਜ਼ਿੰਮੇਵਾਰ ਅਧਿਕਾਰੀ ਦੀ ਨਿਯੁਕਤੀ ਬਹੁਤ ਜ਼ਰੂਰੀ ਹੈ। ਉਨ੍ਹਾਂ ਇਹ ਵੀ ਯਾਦ ਦਿਵਾਇਆ ਕਿ ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸ਼ਤਾਬਦੀ ਮਨਾਈ ਗਈ ਸੀ, ਉਸ ਸਮੇਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਖ਼ਾਸ ਤੌਰ ’ਤੇ ਸਿੱਖ ਮਰਿਆਦਾ ਦਾ ਧਿਆਨ ਰੱਖਣ ਦੇ ਸਪਸ਼ਟ ਨਿਰਦੇਸ਼ ਦਿੱਤੇ ਗਏ ਸਨ।

ਅੰਤ ਵਿੱਚ ਤਰਨਪ੍ਰੀਤ ਸਿੰਘ ਸੌਂਦ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਦਿੱਤਾ ਗਿਆ ਸਪਸ਼ਟੀਕਰਨ ਕਬੂਲ ਕੀਤਾ ਗਿਆ ਹੈ, ਜਿਸ ਲਈ ਉਹ ਸਦਾ ਆਭਾਰੀ ਰਹਿਣਗੇ।