ਮਾਤਾ ਮਹਿੰਦਰ ਕੌਰ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 7 ਜੂਨ ਦੁਪਹਿਰ 12 ਵਜੇ ਤੋਂ ਇੱਕ ਵਜੇ ਤੀਕ ਪਿੰਡ ਕੋਟਲਾ ਸ਼ਾਹੀਆ ਪਿੰਡ ਦੇ ਗੁਰਦਵਾਰਾ ਸਾਹਿਬ ਵਿਖੇ ਹੋਵੇਗੀ।

ਅੰਤਿਮ ਅਰਦਾਸ ‘ਤੇ  ਵਿਸ਼ੇਸ਼
ਘਣਛਾਵਾਂ ਬਿਰਖ਼ ਸਨ  –  ਮਾਤਾ  ਮਹਿੰਦਰ ਕੌਰ ਹੇਅਰ
ਬਟਾਲਾ: 6 ਜੂਨ ( ਨਿਊਜ਼ ਪੰਜਾਬ )
ਧਰਤੀ ਵੀ ਸੀ ਅੰਬਰ ਵੀ ਸੀ, ਬੋਹੜ ਦੀ ਸੰਘਣੀ ਛਾਂ।
ਰੇਤ ਦੇ ਵਾਂਗੂੰ ਕਿਰ ਗਈ ਹੱਥੋਂ ਛੇ ਬੱਚਿਆਂ ਦੀ ਮਾਂ।
ਸੈਨਿਕ ਪਰਿਵਾਰ ਚ ਸ: ਬਹਾਦਰ ਸਿੰਘ ਘੁੰਮਣ ਦੇ ਘਰ ਜੰਮੀ ਜਾਈ ਬੀਬੀ ਮਹਿੰਦਰ ਕੌਰ ਨੇ ਜਿਸ ਤਨਦੇਹੀ ਨਾਲ ਆਪਣੇ ਸੈਨਿਕ ਪਤੀ ਸ: ਮਹਿੰਦਰ ਸਿੰਘ ਹੇਅਰ ਦੇ ਮੋਢੇ ਨਾਲ ਮੋਢਾ ਜੋੜ ਕੇ ਪਰਿਵਾਰਕ ਤੇ ਸਮਾਜਿਕ ਜ਼ਿੰਮੇਵਾਰੀਆਂ ਨਿਭਾਈਆਂ,ਉਸ ਦੀ ਪਿੰਡ ਕੋਟਲਾ ਸ਼ਾਹੀਆ ਹੀ ਨਹੀਂ ਸਗੋਂ ਪੂਰਾ ਇਲਾਕਾ ਮਿਸਾਲ ਦਿੰਦਾ ਹੈ।
ਆਪਣੇ ਸਾਰੇ ਬੱਚਿਆਂ ਨੂੰ  ਉਚੇਰੀ ਸਿੱਖਿਆ ਤੇ ਨੈਤਿਕ ਕਦਰਾਂ ਕੀਮਤਾਂ ਨਾਲ ਨਿਪੁੰਨ ਕਰਕੇ ਸਮਾਜਿਕ ਜ਼ਿੰਮੇਵਾਰੀਆਂ ਦੇ ਰਾਹ ਤੋਰਿਆ।
ਦੇਸ਼ ਵੰਡ ਉਪਰੰਤ ਸਾਰੇ ਸਮਾਜਿਕ ਤਾਣੇ ਬਾਣੇ ਵਿੱਚ ਕਿਸਾਨੀ ਦੀ ਮੰਦੜੀ ਹਾਲਤ ਕਾਰਨ ਧੀਆਂ ਨੂੰ ਜਲਦੀ ਵਿਆਹੁਣ ਦੀ ਪ੍ਰਵਿਰਤੀ ਕਾਰਨ ਇਨ੍ਹਾਂ ਨੂੰ ਵੀ ਦਸਵੀਂ ਦੇ ਪੇਪਰ ਦੇਣ ਤੋਂ ਪਹਿਲਾਂ ਹੀ ਡੋਲੀ ਪਾ ਦਿੱਤਾ ਗਿਆ। ਸਿਲਾਈ ਕਢਾਈ ਦੀ ਲਿਆਕਤ ਕੋਲ ਹੋਣ ਕਾਰਨ ਪਿੰਡ ਦੀਆਂ ਧੀਆਂ ਭੈਣਾਂ ਤੇ ਨੂੰਹਾਂ ਨੂੰ ਵੀ ਆਤਮ ਨਿਰਭਰ ਹੋਣ ਦੇ ਰਾਹ ਤੋਰਦਿਆਂ ਇਹ ਸਿਖਲਾਈ ਦਿੱਤੀ, ਜਿਸ ਨਾਲ ਉਹ ਸਹੁਰੇ ਘਰ ਜਾਂਦਿਆਂ ਹੀ ਆਪਣੇ ਕਲਾ ਕੌਸ਼ਲ ਕਾਰਨ ਮਾਣ ਪਾਉਂਦੀਆਂ ਸਨ।
ਬਚਪਨ ਵਿੱਚ ਸਿੱਖਿਆ ਕੀਰਤਨ ਤੇ ਬਾਣੀ ਪੜ੍ਹਨ ਦੀ ਮੁਹਾਰਤ ਨੇ ਉਨ੍ਹਾਂ ਨੂੰ ਇਸਤਰੀ ਸਤਿਸੰਗ ਵਾਲੇ ਪਾਸੇ ਪਿੰਡ ਦੀਆਂ ਔਰਤਾਂ ਦੀ ਅਗਵਾਈ ਕਰਨ ਲਈ ਪ੍ਰੇਰਿਆ। ਇਸ ਦਾ ਅਸਰ ਉਨ੍ਹਾਂ ਦੇ ਪੁੱਤਰਾਂ ਧੀਆਂ ਤੇ ਵੀ ਪਿਆ।
ਵੱਡਿਉਂ ਛੋਟੇ ਭਾਰਤੀ ਸੈਨਾ ਚ ਕਾਰਜਸ਼ੀਲ ਖਿਡਾਰੀ ਪੁੱਤਰ ਕਮਲਜੀਤ ਦੀ ਜਵਾਨ ਉਮਰੇ ਹਾਦਸੇ ਵਿੱਚ ਹੋਈ ਮੌਤ ਨੇ ਉਨ੍ਹਾਂ ਨੂੰ ਝੰਜੋੜ ਕੇ ਰੱਖ ਦਿੱਤਾ। ਉਸ ਪੁੱਤਰ ਦੀ ਯਾਦ ਚ ਹਰ ਸਾਲ ਹੋਣ ਵਾਲੀਆਂ  ਕਮਲਜੀਤ ਖੇਡਾਂ ਦੀ ਮਾਤਾ ਜੀ ਸਰਪ੍ਰਸਤੀ ਕਰਦੇ।
ਉਨ੍ਹਾਂ ਦੇ ਸਭ ਤੋਂ ਨਿੱਕੇ ਪੁੱਤਰ ਸ: ਪਿਰਥੀਪਾਲ ਸਿੰਘ ਹੇਅਰ ਪੁਲਿਸ ਕਪਤਾਨ) ਮੁਤਾਬਕ ਉਹ ਪਰਿਵਾਰ ਦਾ ਥੰਮ ਸਨ। ਕਿਸੇ ਨੂੰ ਕਦੇ ਨਾ ਡੋਲਣ ਦਿੰਦੇ। ਨਿੱਤ ਨੇਮੀ ਹੋਣ ਕਾਰਨ ਪ੍ਰਭਾਤ ਵੇਲੇ ਹੀ ਕੰਮ ਕਾਰ ਨੂੰ ਜੁੱਟ ਜਾਂਦੇ ਤੇ ਸਵੇਰ ਚੜ੍ਹਨ ਤੋਂ ਪਹਿਲਾਂ ਹੀ ਬਹੁਤੇ ਕੰਮ ਨਿਬੇੜ ਲੈਂਦੇ। ਲਗ ਪਗ 90 ਸਾਲ ਉਮਰ ਮਾਨਣ ਦੇ ਬਾਵਜੂਦ ਉਹ ਪਿੰਡ, ਪਰਿਵਾਰ ਤੇ ਸੰਸਾਰ ਦੀ ਹਰ ਗੱਲ ਵਿੱਚ ਪੂਰੀ ਦਿਲਚਸਪੀ ਲੈਂਦੇ ਰਹੇ।
ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰ ਪੰਜਾਬੀ ਕਵੀ ਪ੍ਰੋ: ਗੁਰਭਜਨ ਗਿੱਲ ਦੇ ਕਹਿਣ ਮੁਤਾਬਕ
ਉਹ ਤਾਂ ਕੇਵਲ ਚੋਲ਼ਾ ਬਦਲੇ, ਕੌਣ ਕਹੇ ਮਾਂ ਮਰ ਜਾਂਦੀ ਹੈ।
ਉਹ ਤਾਂ ਆਪਣੇ ਬੱਚਿਆਂ ਅੰਦਰ ਸਾਰਾ ਕੁਝ ਹੀ ਧਰ ਜਾਂਦੀ ਹੈ।
ਸਾਬਕਾ ਡੀ.ਜੀ.ਪੀ. ਰਾਜਦੀਪ ਸਿੰਘ ਗਿੱਲ, ਦੇਸ਼ ਦੇ ਵੱਡੇ ਖਿਡਾਰੀਆਂ ਵਿਧਾਇਕ ਪਰਗਟ ਸਿੰਘ ਤੇ ਸੁਨੀਤਾ ਰਾਣੀ (ਦੋਵੇਂ ਪਦਮ ਸ੍ਰੀ), ਗੁਰਬਖਸ਼ ਸਿੰਘ ਸੰਧੂ ਤੇ ਐਸ.ਐਸ.ਪੰਨੂੰ (ਦੋਵੇਂ ਦਰੋਣਾਚਾਰੀਆ ਐਵਾਰਡੀ) ਗੁਰਬਚਨ ਸਿੰਘ ਰੰਧਾਵਾ, ਬ੍ਰਿਗੇਡੀਅਰ ਹਰਚਰਨ ਸਿੰਘ, ਸੁਰਿੰਦਰ ਸਿੰਘ ਸੋਢੀ, ਰਾਜਬੀਰ ਕੌਰ, ਸੁਖਪਾਲ ਸਿੰਘ ਪਾਲੀ, ਬਲਜੀਤ ਸਿੰਘ ਢਿੱਲੋਂ, ਮਨਜੀਤ ਕੌਰ, ਅਵਨੀਤ ਕੌਰ ਸਿੱਧੂ, ਤੇਜਿੰਦਰ ਪਾਲ ਸਿੰਘ ਤੂਰ, ਸਵਰਨ ਸਿੰਘ ਵਿਰਕ, ਪ੍ਰਭਜੋਤ ਸਿੰਘ, ਗਗਨਦੀਪ ਸਿੰਘ ਭੁੱਲਰ (ਸਾਰੇ ਅਰਜੁਨਾ ਐਵਾਰਡੀ), ਹਰਪ੍ਰੀਤ ਸਿੰਘ ਮੰਡੇਰ, ਸਰਵਨਜੀਤ ਸਿੰਘ, ਮਨਦੀਪ ਕੌਰ, ਗੁਰਵਿੰਦਰ ਸਿੰਘ ਚੰਦੀ (ਸਾਰੇ ਓਲੰਪੀਅਨ), ਏਸ਼ੀਅਨ ਚੈਂਪੀਅਨ ਅਰਪਿੰਦਰ ਸਿੰਘ, ਜੂਨੀਅਰ ਵਿਸ਼ਵ ਚੈਂਪੀਅਨ ਨਵਜੀਤ ਕੌਰ ਢਿੱਲੋਂ, ਡੀ.ਆਈ.ਜੀ. ਗੁਰਪ੍ਰੀਤ ਸਿੰਘ ਤੂਰ, ਖੇਡ ਲਿਖਾਰੀ ਪ੍ਰਿੰਸੀਪਲ ਸਰਵਣ ਸਿੰਘ, ਪ੍ਰੋ: ਸੁਖਵੰਤ ਸਿੰਘ ਗਿੱਲ, ਨਵਦੀਪ ਸਿੰਘ ਗਿੱਲ, ਫੁਟਬਾਲ ਕੋਚ ਦਲਬੀਰ ਸਿੰਘ ਕਾਲਾ ਅਫਗਾਨਾ , ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ: ਰਵਿੰਦਰ ਭੱਠਲ, ਜਨਰਲ ਸਕੱਤਰ ਡਾ: ਸੁਰਜੀਤ ਸਿੰਘ, ਸਕੱਤਰ ਡਾ: ਗੁਰਇਕਬਾਲ ਸਿੰਘ, ਹੰਸ ਰਾਜ ਹੰਸ ਤੇ ਮੁਹੰਮਦ ਸਦੀਕ, ( ਦੋਵੇਂ ਲੋਕ ਗਾਇਕ ਤੇ ਐੱਮ ਪੀ) ਲੋਕ ਗਾਇਕ ਸੁਰਿੰਦਰ ਸ਼ਿੰਦਾ, ਹਰਭਜਨ ਮਾਨ, ਮਨਮੋਹਨ ਵਾਰਿਸ, ਜਸਬੀਰ ਜੱਸੀ,ਅਮਰਜੀਤ ਗੁਰਦਾਸਪੁਰੀ, ਸਵਿੰਦਰ ਸਿੰਘ ਭਾਗੋਵਾਲੀਆ , ਖੇਡ ਪੱਤਰਕਾਰ ਪ੍ਰਿੰਸੀਪਲ ਸਰਵਣ ਸਿੰਘ, ਨਵਦੀਪ ਸਿੰਘ ਗਿੱਲ ਤੇ ਜਗਰੂਪ ਸਿੰਘ ਜਰਖੜ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ।
ਮਾਤਾ ਜੀ ਮਹਿੰਦਰ ਕੌਰ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 7 ਜੂਨ ਦੁਪਹਿਰ 12 ਵਜੇ ਤੋਂ ਇੱਕ ਵਜੇ ਤੀਕ ਪਿੰਡ ਕੋਟਲਾ ਸ਼ਾਹੀਆ( ਸ਼ੂਗਰ ਮਿੱਲ ਬਟਾਲਾ ਦੇ ਪਿਛਵਾੜੇ) ਪਿੰਡ ਦੇ ਗੁਰਦਵਾਰਾ ਸਾਹਿਬ ਵਿਖੇ ਹੋਵੇਗੀ। ਮਾਤਾ ਜੀ ਦੇ ਤਿੰਨ ਪੁੱਤਰਾਂ ਜਸਮੇਰ ਸਿੰਘ, ਖ਼ੁਸ਼ਕਰਨ ਸਿੰਘ ਤੇ ਪਿਰਥੀਪਾਲ ਸਿੰਘ ਤੋਂ ਇਲਾਵਾ ਦੋ ਬੇਟੀਆਂ ਬਲਕਰਨਜੀਤ ਕੌਰ ਤੇ ਨਿਰਮੋਲ ਜੀਤ ਕੌਰ ਯੂ ਐੱਸ ਏ ਨੇ ਪਰਿਵਾਰਕ ਸਨੇਹੀਆਂ, ਰਿਸ਼ਤੇਦਾਰਾਂ ਤੇ ਹਮਦਰਦਾਂ ਨੂੰ ਬੇਨਤੀ ਹੈ ਕਿ ਉਹ ਵਰਤਮਾਨ ਹਾਲਾਤ ਨੂੰ ਧਿਆਨ ‘ਚ ਰੱਖਦਿਆਂ ਨਿਜੀ ਰੂਪ ‘ਚ ਆਉਣ ਦੀ ਖੇਚਲ ਨਾ ਕਰਨ ਪਰ ਆਪੋ ਆਪਣੇ ਪੱਧਰ ਤੇ ਕੱਲ੍ਹ ਦੁਪਹਿਰੇ ਮਾਤਾ ਜੀ ਨਮਿਤ ਅਰਦਾਸ ਜ਼ਰੂਰ ਕਰਨ।