ਪ੍ਰਵਾਸੀ ਮਜ਼ਦੂਰਾਂ ਦਾ ਹੁਸ਼ਿਆਰਪੁਰ ਪਹੁੰਚਣ ’ਤੇ ਉਦਯੋਗ ਮੰਤਰੀ ਅਰੋੜਾ ਨੇ ਕੀਤਾ ਸਵਾਗਤ
ਪੰਜਾਬ ਸਰਕਾਰ ਵੱਲੋਂ ਮਜ਼ਦੂਰਾਂ ਨੂੰ ਦਿੱਤੀ ਜਾਵੇਗੀ ਹਰ ਪ੍ਰਕਾਰ ਦੀ ਸਹਾਇਤਾ – ਉਦਯੋਗ ਮੰਤਰੀ ਅਰੋੜਾ
ਚੰਡੀਗੜ, 6 ਜੂਨ: (ਨਿਊਜ਼ ਪੰਜਾਬ ) ਕੋਰੋਨਾ ਮਹਾਂਮਾਰੀ ਦੇ ਸ਼ੁਰੂਆਤੀ ਦਿਨਾਂ ਵਿੱਚ ਆਪਣੇ ਸੂਬੇ ਬਿਹਾਰ ਪਰਤ ਗਏ ਮਜ਼ਦੂਰ ਇਕ ਵਾਰ ਫ਼ਿਰ ਤੋਂ ਕੰਮ ਦੀ ਤਲਾਸ਼ ਅਤੇ ਬਿਹਤਰ ਜ਼ਿੰਦਗੀ ਦੀ ਉਮੀਦ ਨਾਲ ਪੰਜਾਬ ਵਾਪਸ ਆਉਣ ਲੱਗੇ ਹਨ। ਪ੍ਰਵਾਸੀ ਮਜ਼ਦੂਰਾਂ ਦਾ ਹੁਸ਼ਿਆਰਪੁਰ ਪਹੁੰਚਣ ’ਤੇ ਉਦਯੋਗ ਮੰਤਰੀ ਅਰੋੜਾ ਨੇ ਸਵਾਗਤ ਕੀਤਾ ਅਤੇ ਉਨਾਂ ਨੂੰ ਹਰ ਤਰਾਂ ਦੀ ਸਹਾਇਤਾ ਦਾ ਭਰੋਸਾ ਦਿੱਤਾ।
ਸ੍ਰੀ ਅਰੋੜਾ ਨੇ ਕਿਹਾ ਕਿ ਪਰਵਾਸੀ ਕਾਮੇ ਸਾਡੀ ਆਰਥਿਕ ਸਥਿਰਤਾ ਦੇ ਮਜ਼ਬੂਤ ਥੰਮ ਹਨ ਜਿਨਾਂ ਨੇ ਹਮੇਸ਼ਾ ਪੰਜਾਬ ਦੀ ਤਰੱਕੀ ਲਈ ਯੋਗਦਾਨ ਪਾਇਆ ਹੈ ਜੋ ਕਿ ਉਨਾਂ ਦਾ ਆਪਣਾ ਰਾਜ ਹੈ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਉਨਾਂ ਨੂੰ ਹਰ ਤਰਾਂ ਦੀ ਸਹੂਲਤ ਦਿੱਤੀ ਗਈ ਅਤੇ ਜਦੋਂ ਮਜ਼ਦੂਰ ਕਾਮੇ ਆਪਣੇ ਜੱਦੀ ਪਿੰਡ/ਸੂਬੇ ਜਾਣਾ ਚਾਹੁੰਦੇ ਸਨ, ਤਾਂ ਸੂਬਾ ਸਰਕਾਰ ਵੱਲੋਂ ਜਾਣ ਦਾ ਪ੍ਰਬੰਧ ਕੀਤਾ ਗਿਆ ਸੀ ਅਤੇ ਭੋਜਨ/ਖਾਣ-ਪੀਣ ਵਿਵਸਥਾ ਵੀ ਕੀਤੀ ਗਈ ਸੀ। ਉਨਾਂ ਕਿਹਾ ਕਿ ਹੁਣ ਜਦੋਂ ਕਿ ਕੋਰੋਨਾ ਮਹਾਂਮਾਰੀ ਦਾ ਖਤਰਾ ਕੁੱਝ ਘਟਿਆ ਹੈ ਅਤੇ ਤਾਲਾਬੰਦੀ ਹਟਾਈ ਜਾ ਚੁੱਕੀ ਹੈ, ਤਾਂ ਮਜ਼ਦੂਰ ਕਾਮੇ ਇਕ ਵਾਰ ਫ਼ਿਰ ਤੋਂ ਕੰਮ ਦੀ ਤਲਾਸ਼ ਵਿੱਚ ਪੰਜਾਬ ਵਾਪਸ ਆਉਣ ਲੱਗੇ ਹਨ। ਉਨਾਂ ਮਜ਼ਦੂਰ ਕਾਮਿਆਂ ਦਾ ਪੰਜਾਬ ਪਹੁੰਚਣ ’ਤੇ ਸਵਾਗਤ ਕਰਦਿਆਂ ਕਿਹਾ ਕਿ ਹੋਰ ਵੀ ਮਜ਼ਦੂਰ ਕਾਮੇ ਜੋ ਵਾਪਸ ਆਉਣਾ ਚਾਹੁੰਦੇ ਹਨ, ਉਨਾਂ ਦਾ ਵੀ ਸਵਾਗਤ ਕੀਤਾ ਜਾਵੇਗਾ ਅਤੇ ਇੱਥੇ ਲਿਆਉਣ ਦਾ ਪ੍ਰਬੰਧ ਅਤੇ ਕੰਮ ਦੀ ਵਿਵਸਥਾ ਵੀ ਕੀਤੀ ਜਾਵੇਗੀ।ਮੰਤਰੀ ਨੇ ਕਿਹਾ ਕਿ ਪਰਵਾਸੀ ਕਾਮਿਆਂ ਦੀ ਵਾਪਸੀ ’ਤੇ ਅਸੀਂ ਉਨਾਂ ਦਾ ਢੁੱਕਵਾਂ ਡਾਕਟਰੀ ਚੈਕਅੱਪ ਯਕੀਨੀ ਬਣਾ ਰਹੇ ਹਾਂ।
ਉਦਯੋਗ ਮੰਤਰੀ ਨੇ ਕਿਹਾ ਕਿ ਇਹ ਪੰਜਾਬ ਲਈ ਚੰਗੀ ਖ਼ਬਰ ਹੈ ਕਿ ਮਜ਼ਦੂਰ ਕਾਮੇ ਪਰਤਣ ਲੱਗੇ ਹਨ। ਉਨਾਂ ਕਿਹਾ ਕਿ ਪੰਜਾਬ ਸਰਕਾਰ ਇਨਾਂ ਦੇ ਕਲਿਆਣ ਲਈ ਵਚਨਬੱਧ ਹੈ ਅਤੇ ਇਨਾਂ ਨੂੰ ਇਥੇ ਕਿਸੇ ਤਰਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਸੂਬਾ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬਿਹਾਰ ਤੋਂ ਆਏ ਇਨਾਂ ਮਜ਼ਦੂਰ ਕਾਮਿਆਂ ਦੀ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਵਿਖੇ ਮੈਡੀਕਲ ਜਾਂਚ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਮਜ਼ਦੂਰ ਕਾਮਿਆਂ ਨੂੰ ਇਸ ਗੱਲ ਲਈ ਜਾਗਰੂਕ ਕੀਤਾ ਗਿਆ ਹੈ ਕਿ ਕੰਮ ਕਰਦੇ ਸਮੇਂ ਸੋਸ਼ਲ ਡਿਸਟੈਂਸਿੰਗ ਦਾ ਪਾਲਣਾ ਕਰਨ ਅਤੇ ਮਾਸਕ ਪਹਿਨਣਾ ਯਕੀਨੀ ਬਣਾਇਆ ਜਾਵੇ।
ਸ੍ਰੀ ਅਰੋੜਾ ਨੇ ਮਜ਼ਦੂਰ ਕਾਮਿਆਂ ਨੂੰ ਵਿਸ਼ਵਾਸ਼ ਦੁਆਇਆ ਕਿ ਜੇਕਰ ਉਨਾਂ ਨੂੰ ਕਿਸੇ ਵੀ ਤਰਾਂ ਦੀ ਕੋਈ ਪ੍ਰੇਸ਼ਾਨੀ ਆਵੇ ਤਾਂ ਉਹ ਬੇਝਿਜਕ ਉਨਾਂ ਦੇ ਧਿਆਨ ਵਿੱਚ ਲਿਆਉਣ। ਉਨਾਂ ਕਿਹਾ ਕਿ ਸੂਬੇ ‘ਚ ਲੇਬਰ ਤੋਂ ਬਿਨਾਂ ਬਹੁਤ ਸਾਰੇ ਕੰਮ ਪ੍ਰਭਾਵਿਤ ਹੋਏ ਹਨ ਅਤੇ ਉਦਯੋਗ ਜੋ ਕਿ ਲੇਬਰ ’ਤੇ ਹੀ ਨਿਰਭਰ ਹੈ।ਉਨਾਂਲਦੱਸਿਆ ਕਿ ਪੰਜਾਬ ਸਰਕਾਰ ਮਜ਼ਦੂਰ ਕਾਮਿਆਂ ਦੇ ਪੁਨਰਵਾਸ ਲਈ ਯਤਨਸ਼ੀਲ ਅਤੇ ਹੈ ਹੋਰਨਾਂ ਸੂਬਿਆਂ ਤੋਂ ਆਉਣ ਵਾਲੇ ਮਜ਼ਦੂਰਾਂ ਦੀ ਭਲਾਈ ਨੂੰ ਵੀ ਪਹਿਲ ਦੇ ਰਹੀ ਹੈ। ਉਨਾਂ ਕਿਹਾ ਕਿ ਸਰਕਾਰ ਮਜ਼ਦੂਰ ਕਾਮਿਆਂ ਨੂੰ ਪੰਜਾਬ ਵਾਪਸ ਲਿਆਉਣ ਲਈ ਵਚਨਬੱਧ ਹੈ ਅਤੇ ਉਨਾਂ ਨੂੰ ਵਾਪਸ ਲਿਆਉਣ ਦੇ ਪ੍ਰਬੰਧ ਅਤੇ ਆਵਾਜਾਈ ਦੀ ਸੁਵਿਧਾ ਵੀ ਸਰਕਾਰ ਵਲੋਂ ਕੀਤੀ ਜਾਵੇਗੀ।