ਨਿਊਜ਼ ਪੰਜਾਬ
19 ਦਸੰਬਰ 2025
ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਡਾ. ਨਵਜੋਤ ਕੌਰ ਸਿੱਧੂ ਦੇ 500 ਕਰੋੜ ਰੁਪਏ ਵਾਲੇ ਵਿਵਾਦਿਤ ਬਿਆਨ ਨੂੰ ਲੈ ਕੇ ਸੀਬੀਆਈ ਜਾਂਚ ਦੀ ਮੰਗ ਕਰਦੀ ਜਨਹਿਤ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਸਿਆਸੀ ਆਗੂ ਅਕਸਰ ਜਨਤਕ ਮੰਚਾਂ ਜਾਂ ਮੀਡੀਆ ਵਿੱਚ ਅਜਿਹੇ ਬਿਆਨ ਦਿੰਦੇ ਰਹਿੰਦੇ ਹਨ ਅਤੇ ਸਿਰਫ ਬਿਆਨਾਂ ਦੇ ਆਧਾਰ ’ਤੇ ਜਾਂਚ ਏਜੰਸੀਆਂ ਨੂੰ ਸਰਗਰਮ ਕਰਨ ਦਾ ਹੁਕਮ ਨਹੀਂ ਦਿੱਤਾ ਜਾ ਸਕਦਾ। ਅਦਾਲਤ ਨੇ ਇਹ ਵੀ ਸਪਸ਼ਟ ਕੀਤਾ ਕਿ ਜਦੋਂ ਤੱਕ ਕਿਸੇ ਠੋਸ ਅਪਰਾਧਿਕ ਕਿਰਿਆ ਦੇ ਸਬੂਤ ਸਾਹਮਣੇ ਨਾ ਆਉਣ ਜਾਂ ਸਬੰਧਤ ਵਿਅਕਤੀ ਵੱਲੋਂ ਕੋਈ ਸ਼ਿਕਾਇਤ ਦਰਜ ਨਾ ਕਰਾਈ ਜਾਵੇ, ਉਦੋਂ ਤੱਕ ਅਦਾਲਤੀ ਦਖਲ ਠੀਕ ਨਹੀਂ ਮੰਨਿਆ ਜਾ ਸਕਦਾ।
ਦੱਸ ਦੇਈਏ ਕਿ ਨਵਜੋਤ ਕੌਰ ਸਿੱਧੂ ਨੇ CM ਚਿਹਰੇ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਸੀ ਜਿਸ ਨੂੰ ਲੈ ਕੇ ਸਿਆਸਤ ਵਿਚ ਭੂਚਾਲ ਮਚ ਗਿਆ ਸੀ। ਉਨ੍ਹਾਂ ਵੱਲੋਂ ਕਿਹਾ ਗਿਆ ਸੀ ਕਿ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਲਈ 500 ਕਰੋੜ ਹੋਣਾ ਚਾਹੀਦਾ ਹੈ। ਉਨ੍ਹਾਂ ਕੋਲ ਇਹ ਪੈਸੇ ਨਹੀਂ ਹਨ। ਇਸ ਤੋਂ ਇਲਾਵਾ ਵੀ ਕਈ ਹੋਰ ਵਿਵਾਦਿਤ ਟਿੱਪਣੀਆਂ ਡਾ. ਨਵਜੋਤ ਕੌਰ ਸਿੱਧੂ ਵੱਲੋਂ CM ਚਿਹਰੇ ਨੂੰ ਲੈ ਕੇ ਕੀਤੀਆਂ ਗਈਆਂ ਸਨ। ਇਸ ਬਿਆਨ ਨੇ ਸਿਆਸੀ ਬਵਾਲ ਮਚਾ ਦਿੱਤਾ ਸੀ ਤੇ ਬਹੁਤ ਸਾਰੇ ਸਿਆਸੀ ਆਗੂਆਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਸੀ ਤੇ ਇਸ ਖਿਲਾਫ ਹਾਈਕੋਰਟ ਵਿਚ ਜਨਹਿਤ ਪਟੀਸ਼ਨ ਵੀ ਦਾਇਰ ਕੀਤੀ ਸੀ ਜਿਸ ਦੀ ਸੁਣਵਾਈ ਅੱਜ ਹੋਈ ਹੈ।
