ਆਬਕਾਰੀ ਵਿਭਾਗ ਨੇ ਰੇਡ ਕਰਕੇ 8500 ਲੀਟਰ ਲਾਹਣ ਨਸ਼ਟ ਕਰਵਾਈ
ਨਿਊਜ਼ ਪੰਜਾਬ
ਲੁਧਿਆਣਾ, 5 ਜੂਨ -ਖੂਫੀਆ ਜਾਣਕਾਰੀ ‘ਤੇ ਕਾਰਵਾਈ ਕਰਦਿਆਂ ਆਬਕਾਰੀ ਵਿਭਾਗ ਦੀ ਟੀਮ ਨੇ ਪੁਲਿਸ ਦੀ ਸਹਾਇਤਾ ਨਾਲ ਪਿੰਡ ਭੋਲੇਵਾਲ ਜਦੀਦ ਕੋਲ 8500 ਲੀਟਰ ਦੇਸੀ ਸ਼ਰਾਬ ਲਾਹਣ ਫੜਨ ਵਿੱਚ ਸਫ਼ਲਤਾ ਹਾਸਿਲ ਕੀਤੀ, ਜਿਸ ਨੂੰ ਵਿਭਾਗ ਵੱਲੋਂ ਤੁਰੰਤ ਨਸ਼ਟ ਕਰਵਾ ਦਿੱਤਾ ਗਿਆ। ਇਸ ਟੀਮ ਦੀ ਅਗਵਾਈ ਆਬਕਾਰੀ ਇੰਸਪੈਕਟਰ ਸ੍ਰ. ਨਵਦੀਪ ਸਿੰਘ ਹਾਦੀਵਾਲ ਵੱਲੋਂ ਕੀਤੀ ਗਈ। ਇਸ ਟੀਮ ਵਿੱਚ ਲੁਧਿਆਣਾ ਪੁਲਿਸ ਦੇ ਕਈ ਅਧਿਕਾਰੀ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।
ਸ੍ਰ. ਨਵਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਟੀਮ ਵੱਲੋਂ 4 ਡਰੰਮ, 1 ਗੈਸ ਭੱਠੀ, 8 ਤਰਪਾਲਾਂ ਪਲਾਸਟਿਕ, 2 ਟੀਨ ਦੇ ਭਾਂਡੇ, 4 ਟਿਊਬਾਂ, 2 ਡਿਸਟੈਲਰੀ ਪਾਈਪਾਂ, 2 ਬੋਰੀਆਂ ਗੁੜ (40 ਕਿਲੋਗ੍ਰਾਮ ਪ੍ਰਤੀ ਬੋਰੀ ਅਤੇ ਹੋਰ ਸਮਾਨ ਵੀ ਬਰਾਮਦ ਕੀਤਾ ਹੈ। ਜੋ ਵਿਅਕਤੀ ਇਹ ਲਾਹਣ ਤਿਆਰ ਕਰਨ ਦਾ ਗੋਰਖਧੰਦਾ ਕਰਦੇ ਸਨ, ਉਹ ਮੌਕੇ ਤੋਂ ਫਰਾਰ ਹੋਣ ਵਿੱਚ ਸਫ਼ਲ ਹੋ ਗਏ। ਉਨ•ਾਂ ਕਿਹਾ ਕਿ ਵਿਭਾਗ ਵੱਲੋਂ ਭਵਿੱਖ ਵਿੱਚ ਵੀ ਅਜਿਹੀਆਂ ਰੇਡਾਂ ਜਾਰੀ ਰੱਖੀਆਂ ਜਾਣਗੀਆਂ ਅਤੇ ਕਿਸੇ ਵੀ ਵਿਅਕਤੀ ਨੂੰ ਸ਼ਰਾਬ ਦਾ ਗੈਰਕਾਨੂੰਨੀ ਧੰਦਾ ਨਹੀਂ ਕਰਨ ਦਿੱਤਾ ਜਾਵੇਗਾ। ਇਸ ਟੀਮ ਵਿੱਚ ਇੰਸਪੈਕਟਰ ਹਰਜਿੰਦਰ ਸਿੰਘ, ਸ੍ਰ. ਹਰਦੀਪ ਸਿੰਘ, ਸ੍ਰ. ਹਰਜੀਤ ਸਿੰਘ, ਸ੍ਰੀ ਪ੍ਰਦੀਪ ਕੁਮਾਰ, ਸ੍ਰੀ ਯਸ਼ਪਾਲ ਇੰਚਾਰਜ ਐਂਟੀ ਸਮੱਗਲਿੰਗ ਸਟਾਫ ਲੁਧਿਆਣਾ ਅਤੇ ਹੋਰ ਵੀ ਸ਼ਾਮਿਲ ਸਨ।