ਪਟਿਆਲਾ ਚੋਣ ਹੰਗਾਮਾ: ਮਹਿਲਾ ਉਮੀਦਵਾਰ ਦਾ ਨਾਮਜ਼ਦਗੀ ਪੱਤਰ ਖੋਹਣ ਅਤੇ ਪਾੜਨ ਦੇ ਮਾਮਲੇ ‘ਚ FIR ਦਰਜ

ਨਿਊਜ਼ ਪੰਜਾਬ

6 ਦਸੰਬਰ 2025

ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਪਟਿਆਲਾ ਜ਼ਿਲ੍ਹੇ ਵਿੱਚ ਹੋਏ ਵੱਡੇ ਹੰਗਾਮੇ ਦੇ ਮਾਮਲੇ ਵਿੱਚ ਪੁਲਿਸ ਨੇ ਹੁਣ ਸਖ਼ਤ ਕਾਰਵਾਈ ਕੀਤੀ ਹੈ। ਪੁਲਿਸ ਨੇ ਇੱਕ ਮਹਿਲਾ ਉਮੀਦਵਾਰ ਤੋਂ ਨਾਮਜ਼ਦਗੀ ਪੱਤਰ ਖੋਹਣ ਅਤੇ ਪਾੜਨ ਦੇ ਦੋਸ਼ ਹੇਠ ਐਫਆਈਆਰ (FIR) ਦਰਜ ਕਰ ਲਈ ਹੈ।ਇਸ ਘਟਨਾ ਨੂੰ ਲੈ ਕੇ ਵੱਖ-ਵੱਖ ਪੁਲਿਸ ਥਾਣਿਆਂ ਵਿੱਚ ਕੁੱਲ 6 ਮਾਮਲੇ ਦਰਜ ਕੀਤੇ ਗਏ ਹਨ। ਇਸ ਦੇ ਨਾਲ ਹੀ ਪੁਲਿਸ ਨੇ ਦੋ ਮੁਲਜ਼ਮਾਂ ਦੀ ਪਛਾਣ ਵੀ ਕਰ ਲਈ ਹੈ ਅਤੇ ਅਗਲੀ ਕਾਰਵਾਈ ਜਾਰੀ ਹੈ।

ਇਹ ਘਟਨਾ ਹਾਲ ਹੀ ਵਿੱਚ ਪਟਿਆਲਾ ਦੇ ਘਨੌਰ ਖੇਤਰ ਵਿੱਚ ਵਾਪਰੀ ਸੀ। ਜਦੋਂ ਇੱਕ ਮਹਿਲਾ ਉਮੀਦਵਾਰ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨ ਜਾ ਰਹੀ ਸੀ, ਤਾਂ ਇੱਕ ਵਿਅਕਤੀ ਅਚਾਨਕ ਉਸ ਕੋਲ ਆਇਆ ਅਤੇ ਹੱਥ ‘ਚੋਂ ਕਾਗਜ਼ ਖੋਹ ਕੇ ਭੱਜ ਗਿਆ।ਇਸ ਘਟਨਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈ ਸੀ, ਜਿਸ ਵਿੱਚ ਦੋਸ਼ੀ ਵਿਅਕਤੀ ਆਪਣੇ ਸਵੈਟਰ ਨਾਲ ਮੂੰਹ ਲੁਕਾਉਂਦਾ ਹੋਇਆ ਭੱਜਦਾ ਨਜ਼ਰ ਆ ਰਿਹਾ ਸੀ, ਜਦਕਿ ਲੋਕ ਆਪਣੇ ਮੋਬਾਈਲ ਫੋਨਾਂ ਵਿੱਚ ਉਸਦੀ ਵੀਡੀਓ ਬਣਾ ਰਹੇ ਸਨ।

ਇਸ ਚੋਣ ਹੰਗਾਮੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਕਮਿਸ਼ਨ ਕੋਲ ਅਧਿਕਾਰਤ ਸ਼ਿਕਾਇਤ ਦਰਜ ਕਰਵਾਈ ਸੀ। ਅਕਾਲੀ ਦਲ ਨੇ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ CBI ਅਤੇ NIA ਤੋਂ ਜਾਂਚ ਕਰਵਾਉਣ ਦੀ ਵੀ ਮੰਗ ਕੀਤੀ ਸੀ।ਅਕਾਲੀ ਦਲ ਵੱਲੋਂ ਇਹ ਇਲਜ਼ਾਮ ਲਾਏ ਗਏ ਸਨ ਕਿ ਦੋਸ਼ੀਆਂ ਦੀ ਪਛਾਣ ਹੋਣ ਦੇ ਬਾਵਜੂਦ ਕੇਸ ਨੂੰ ‘ਅਣਪਛਾਤੇ’ ਵਿਅਕਤੀਆਂ ਦੇ ਖਿਲਾਫ਼ ਦਰਜ ਕਰਕੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਪੁਲਿਸ ਵੱਲੋਂ ਦੋ ਮੁਲਜ਼ਮਾਂ ਦੀ ਪਛਾਣ ਕਰਨ ਅਤੇ ਵੱਖ-ਵੱਖ ਥਾਣਿਆਂ ਵਿੱਚ ਛੇ ਮਾਮਲੇ ਦਰਜ ਕਰਨ ਤੋਂ ਬਾਅਦ, ਇਸ ਮਾਮਲੇ ਵਿੱਚ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।