ਨਿਊਜ਼ ਪੰਜਾਬ
2 ਦਸੰਬਰ 2025
ਉੱਤਰ ਪ੍ਰਦੇਸ਼ ਦੇ ਬਲਰਾਮਪੁਰ ਜ਼ਿਲ੍ਹੇ ਵਿੱਚ ਫੁਲਵਾੜੀਆ ਬਾਈਪਾਸ ‘ਤੇ ਮੰਗਲਵਾਰ ਸਵੇਰੇ ਲਗਭਗ 4:30 ਵਜੇ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਨੇ ਸਾਰੇ ਇਲਾਕੇ ਵਿੱਚ ਹੜਕੰਪ ਮਚਾ ਦਿੱਤਾ। ਸੋਨੌਲੀ ਤੋਂ ਦਿੱਲੀ ਜਾ ਰਹੀ ਨਿੱਜੀ ਬੱਸ ਜਦੋਂ ਬਾਈਪਾਸ ਤੋਂ ਜਾ ਰਹੀ ਸੀ, ਉਦੋ ਫੁਲਵਾੜੀਆ ਓਵਰਬ੍ਰਿਜ ਦੀ ਦਿਸ਼ਾ ਤੋਂ ਆ ਰਿਹਾ ਤੇਜ਼ ਰਫ਼ਤਾਰ ਟਰੱਕ ਸਿੱਧਾ ਬੱਸ ਨਾਲ ਜਾ ਟਕਰਾਇਆ। ਟੱਕਰ ਏਨੀ ਜ਼ਬਰਦਸਤ ਸੀ ਕਿ ਬੱਸ ਸੜਕ ਤੋਂ ਖਿਸਕਦੀ ਹੋਈ ਸੜਕ ਕਿਨਾਰੇ ਲੱਗੇ ਟ੍ਰਾਂਸਫਾਰਮਰ ਨਾਲ ਜਾ ਟਕਰਾਈ। ਟ੍ਰਾਂਸਫਾਰਮਰ ਦੀਆਂ ਤਾਰਾਂ ਬੱਸ ਨਾਲ ਛੁਹੀਆਂ ਅਤੇ ਕੁਝ ਹੀ ਸਕਿੰਟਾਂ ਵਿਚ ਦੋਵੇਂ ਵਾਹਨਾਂ ਨੂੰ ਅੱਗ ਲੱਗ ਗਈ।
ਅੱਗ ਬੜ੍ਹਣ ਕਾਰਨ ਬੱਸ ਵਿੱਚ ਸਵਾਰ ਕਈ ਯਾਤਰੀ ਝੁਲਸ ਗਏ। ਹਾਦਸੇ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਜਦਕਿ ਲਗਭਗ 25 ਹੋਰ ਯਾਤਰੀ ਜ਼ਖ਼ਮੀ ਹੋਏ ਹਨ। ਪੰਜ ਗੰਭੀਰ ਜ਼ਖ਼ਮੀਆਂ ਨੂੰ ਬਹਿਰਾਈਚ ਰੈਫਰ ਕਰ ਦਿੱਤਾ ਗਿਆ। ਦਹਿਸ਼ਤ ਦੇ ਮਾਹੌਲ ਵਿਚ ਲੋਕਾਂ ਨੇ ਤੁਰੰਤ ਐਮਰਜੈਂਸੀ ਸਰਵਿਸਜ਼ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਅਤੇ ਪੁਲਿਸ ਦੀਆਂ ਟੀਮਾਂ ਮੌਕੇ ‘ਤੇ ਪਹੁੰਚੀਆਂ ਅਤੇ ਰਾਹਤ–ਬਚਾਅ ਕਾਰਜ ਸ਼ੁਰੂ ਕੀਤਾ।
