ਜਲੰਧਰ ਨਾਬਾਲਗ ਕਤਲ ਮਾਮਲਾ:ਅੰਤਿਮ ਅਰਦਾਸ ‘ਚ ਭਾਰੀ ਭੀੜ, ਮਾਂ ਲਈ ਸਰਕਾਰੀ ਨੌਕਰੀ ਤੇ ਪਰਿਵਾਰ ਨੂੰ ਆਰਥਿਕ ਮਦਦ ਦਾ ਐਲਾਨ

ਨਿਊਜ਼ ਪੰਜਾਬ

27 ਨਵੰਬਰ 2025

ਜਲੰਧਰ ਦੇ ਪੱਛਮੀ ਹਲਕੇ ਵਿੱਚ 22 ਨਵੰਬਰ ਨੂੰ ਕਤਲ ਕੀਤੀ ਗਈ ਕੁੜੀ ਲਈ ਮਿੱਠੂ ਬਸਤੀ ਸਥਿਤ ਸ੍ਰੀ ਗੁਰੂਦੁਆਰਾ ਸਾਹਿਬ ਵਿਖੇ ਅੰਤਿਮ ਅਰਦਾਸ ਕੀਤੀ ਗਈ। ‘ਆਪ’ ਸਰਕਾਰ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ ਵੀ ਸ਼ਰਧਾਂਜਲੀ ਦੇਣ ਲਈ ਪਹੁੰਚੇ। ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਕੁੜੀ ਦੀ ਮਾਂ ਲਈ ਸਰਕਾਰੀ ਨੌਕਰੀ ਦਾ ਐਲਾਨ ਕੀਤਾ।ਮਹਿੰਦਰ ਭਗਤ ਨੇ ਕਿਹਾ ਕਿ ਜੋ ਗੁਆਚ ਗਿਆ ਹੈ ਉਸ ਨੂੰ ਕੋਈ ਵਾਪਸ ਨਹੀਂ ਲਿਆ ਸਕਦਾ। ਹੁਣ ਮਾਂ ਨੂੰ ਆਪਣੇ ਗੁਜਾਰੇ ਲਈ ਕਿਸੇ ਵੱਲ ਨਾ ਵੇਖਣਾ ਪਏ ਇਸ ਲਈ ਉਸ ਨੂੰ ਪੱਕੀ ਨੌਕਰੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਦਾ ਪੁੱਤਰ SDM ਆਫਿਸ ਆਦਮਪੁਰ ਵਿਚ ਨੌਕਰੀ ਕਰਦਾ ਹੈ, ਉਸ ਦਾ ਟਰਾਂਸਫਰ ਵੀ ਜਲੰਧਰ ਕਰ ਦਿੱਤਾ ਗਿਆ ਹੈ ਤਾਂਕਿ ਉਹ ਆਪਣੀ ਮਾਂ ਨਾਲ ਰਹਿ ਸਕੇ। ਇਸ ਦੇ ਨਾਲ ਹੀ ਸਰਕਾਰ ਪਰਿਵਾਰ ਨੂੰ ਆਰਥਿਕ ਮਦਦ ਵੀ ਦੇਵੇਗੀ।

ਜਲੰਧਰ ਦੇ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਸਮੇਤ ਵੱਡੀ ਗਿਣਤੀ ਵਿੱਚ ਪੁਲਿਸ ਅਧਿਕਾਰੀ ਸ਼ਰਧਾਂਜਲੀ ਦੇਣ ਲਈ ਪਹੁੰਚੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਅਜੇ ਵੀ ਜਾਰੀ ਹੈ। ਇਸ ਵਿੱਚ ਜੋ ਵੀ ਦੋਸ਼ੀ ਪਾਇਆ ਗਿਆ, ਉਸ ਨੂੰ ਸਜ਼ਾ ਦਿੱਤੀ ਜਾਵੇਗੀ। ਫਿਲਹਾਲ ਦੋਸ਼ੀ ਦਾ ਅਦਾਲਤ ਤੋਂ 9 ਦਿਨਾਂ ਦਾ ਰਿਮਾਂਡ ਲਿਆ ਗਿਆ ਹੈ। ਉਸ ਦੀ ਪੁੱਛਗਿੱਛ ਜਾਰੀ ਹੈ। ਏਐਸਆਈ ਮੰਗਤ ਰਾਮ ਨੂੰ ਡਿਸਮਿਸ ਕਰ ਦਿੱਤਾ ਗਿਆ ਹੈ। 2 PCR ਕਰਮਚਾਰੀਆਂ ਵਿਰੁੱਧ ਕਾਰਵਾਈ ਕੀਤੀ ਗਈ ਹੈ। ਇਹ ਮਾਮਲਾ ਫਾਸਟ ਟਰੈਕ ਜਾਂ ਅਦਾਲਤ ਵਿੱਚ ਉਦੋਂ ਹੀ ਜਾਵੇਗਾ ਜਦੋਂ ਜਾਂਚ ਪੂਰੀ ਹੋ ਜਾਵੇਗੀ ਅਤੇ ਚਾਰਜਸ਼ੀਟ ਦਾਇਰ ਕੀਤੀ ਜਾਵੇਗੀ।