ਭਾਰਤ ਜੌਰਜੀਆ ਆਪਸੀ ਸਬੰਧ ਵਧਾਉਣਗੇ – ਭਾਰਤ ਦੇ ਰਾਸ਼ਟਰਪਤੀ ਤੇ ਜੌਰਜੀਆ ਦੇ ਰਾਸ਼ਟਰਪਤੀ ਦਰਮਿਆਨ ਫੋਨ ’ਤੇ ਹੋਈ ਗੱਲਬਾਤ

ਨਿਊਜ਼ ਪੰਜਾਬ

ਨਵੀ ਦਿੱਲੀ , 4 ਜੂਨ – ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਦੀ ਅੱਜ ਜੌਰਜੀਆ ਦੀ ਰਾਸ਼ਟਰਪਤੀ ਮਹਾਮਹਿਮ ਸ਼੍ਰੀਮਤੀ ਸੈਲਮ ਜ਼ਰਾਬਿਚਵਿਲੀ (H.E. Ms Salome Zourabichvili) ਨਾਲ ਫੋਨ ’ਤੇ ਗੱਲਬਾਤ ਹੋਈ। ਦੋਵੇਂ ਨੇਤਾਵਾਂ ਨੇ ਦੁਵੱਲੇ ਸੰਬਧਾਂ ’ਤੇ ਚਰਚਾ ਕੀਤੀ। ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਜੌਰਜੀਆ ਨਾਲ ਆਪਣ ਨਿੱਘੇ ਅਤੇ ਦੋਸਤਾਨਾ ਸਬੰਧਾਂ ਨੂੰ ਮਹੱਤਵ ਦਿੰਦਾ ਹੈ। ਦੋਵੇਂ ਦੇਸ਼ਾਂ ਨੂੰ ਵਪਾਰ, ਆਰਥਿਕ ਅਤੇ ਸੱਭਿਆਚਾਰਕ ਖੇਤਰਾਂ ਵਿੱਚ ਆਪਣੇ ਸਬੰਧਾਂ ’ਤੇ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ। ਭਾਰਤ ਸਿਖਲਾਈ ਅਤੇ ਸਮਰੱਥਾ ਨਿਰਮਾਣ ਦੇ ਖੇਤਰ ਵਿੱਚ ਜੌਰਜੀਆ ਨਾਲ ਆਪਣੇ ਸਹਿਯੋਗ ਨੂੰ ਅੱਗੇ ਵਧਾ ਕੇ ਖੁਸ਼ ਹੈ।

ਕੋਵਿਡ-19 ਮਹਾਮਾਰੀ ਨਾਲ ਦੁਨੀਆ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਅਤੇ ਦੁਨੀਆ ਭਰ ਦੇ ਜੀਵਨ ਵਿੱਚ ਆਈ ਰੁਕਾਵਟ ਨੂੰ ਧਿਆਨ ਵਿੱਚ ਰੱਖਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਜੌਰਜੀਆ ਦੇ ਰਾਸ਼ਟਰੀ ਯਤਨ ਕੋਵਿਡ-19 ਦੀ ਰੋਕਥਾਮ ਵਿੱਚ ਮਹੱਤਵਪੂਰਨ ਹਨ। ਰਾਸ਼ਟਰਪਤੀ ਨੇ ਜੌਰਜੀਆ ਦੀ ਰਾਸ਼ਟਰਪਤੀ ਨੂੰ ਸੂਚਿਤ ਕੀਤਾ ਕਿ ਭਾਰਤ ਨੇ ਕੋਵਿਡ-19 ਦੇ ਪਸਾਰ ਨੂੰ ਰੋਕਣ ਲਈ ਜ਼ੋਰਦਾਰ ਯਤਨ ਕੀਤੇ ਹਨ ਅਤੇ ਅਸੀਂ ਕਾਫ਼ੀ ਹੱਦ ਤੱਕ ਸਫਲ ਰਹੇ ਹਾਂ। ਭਾਰਤ ਕੋਵਿਡ-19 ਮਹਾਮਾਰੀ ਅਤੇ 150 ਤੋਂ ਜ਼ਿਆਦਾ ਦੇਸ਼ਾਂ ਵਿੱਚ ਵਿਸਥਾਰਤ ਮੈਡੀਕਲ ਸਪਲਾਈ ਸਮਰਥਨ ਲਈ ਅੰਤਰਰਾਸ਼ਟਰੀ ਯਤਨਾਂ ਨੂੰ ਜੁਟਾਉਣ ਵਿੱਚ ਵੀ ਸਭ ਤੋਂ ਅੱਗੇ ਰਿਹਾ ਹੈ। ਦੋਵੇਂ ਨੇਤਾਵਾਂ ਨੇ ਜ਼ਿਕਰ ਕੀਤਾ ਕਿ ਆਲਮੀ ਸਮੁਦਾਏ ਨੂੰ ਆਰਥਿਕ ਵਿਕਾਸ ਨੂੰ ਸਰਗਰਮ ਕਰਨ ਲਈ ਸਮੂਹਿਕ ਰੂਪ ਨਾਲ ਕੰਮ ਕਰਨਾ ਚਾਹੀਦਾ ਹੈ।

ਜੌਰਜੀਆ ਵਿੱਚ ਵੱਡੀ ਸੰਖਿਆ ਵਿੱਚ ਭਾਰਤੀ ਵਿਦਿਆਰਥੀਆਂ ਜਿਨ੍ਹਾਂ ਵਿੱਚ ਕਈ ਮੈਡੀਕਲ ਸਿੱਖਿਆ ਦੇ ਖੇਤਰ ਵਿੱਚ ਹਨ, ਦੀ ਮੌਜੂਦਗੀ ਦਾ ਜ਼ਿਕਰ ਕਰਦੇ ਹੋਏ ਰਾਸ਼ਟਰਪਤੀ ਨੇ ਜੌਰਜੀਆ ਸਰਕਾਰ ਨੂੰ ਉਨ੍ਹਾਂ ਦੇ ਨਿਕਾਸ ਵਿੱਚ ਸਹਿਯੋਗ ਲਈ ਅਤੇ ਜੌਰਜੀਆ ਵਿੱਚ ਰਹਿਣ ਵਾਲੇ ਭਾਰਤੀ ਸਮਦੁਾਇ ਦੇ ਕਲਿਆਣ ਲਈ ਧੰਨਵਾਦ ਕੀਤਾ।