ਪ੍ਰਿਤਪਾਲ ਸਿੰਘ ਪਾਲੀ
ਲੁਧਿਆਣਾ, 14 ਨਵੰਬਰ – ਗੁਰਬਾਣੀ ਪ੍ਰਚਾਰ ਪਸਾਰ ਅਤੇ ਪੁਰਾਤਨ ਸਿੱਖ ਵਿਰਸੇ ਤੇ ਵਿਰਾਸਤੀ ਗੁਰਮਤਿ ਸੰਗੀਤ ਨੂੰ ਸੰਗਤਾਂ ਵਿੱਚ ਮਕਬੂਲ ਕਰਨ ਲਈ ਨਿਰੰਤਰ ਕਾਰਜਸ਼ੀਲ “ਜਵੱਦੀ ਟਕਸਾਲ” ਵਿਖੇ ਹਫਤਾਵਾਰੀ ਨਾਮ ਸਿਮਰਨ ਸਮਾਗਮ ਕਰਵਾਇਆ ਗਿਆ।
ਤੀਜਾ ਸ਼ਹੀਦੀ ਸ਼ਤਾਬਦੀ ਸੈਮੀਨਾਰ 18 ਨਵੰਬਰ ਨੂੰ “ਜਵੱਦੀ ਟਕਸਾਲ” ਵਿਖੇ ਕੀਤਾ ਜਾ ਰਿਹਾ ਹੈ, ਇਸ ਸੈਮੀਨਾਰ ਵਿੱਚ ਉੱਘੇ ਵਿਦਵਾਨ ਆਪਣੇ ਵਿਚਾਰ ਪ੍ਰਗਟ ਕਰਨਗੇ, “ਜਵੱਦੀ ਟਕਸਾਲ” ਦੇ ਮੁੱਖੀ ਸੰਤ ਬਾਬਾ ਅਮੀਰ ਸਿੰਘ ਸੰਗਤਾਂ ਨੂੰ ਸੈਮੀਨਾਰ ‘ਚ ਸਮੂਲੀਅਤ ਕਰਨ ਦੀ ਅਪੀਲ ਕੀਤੀ ਹੈ
ਮੌਜੂਦਾ ਮੁਖੀ ਮਹਾਂਪੁਰਸ਼ ਸੰਤ ਬਾਬਾ ਅਮੀਰ ਸਿੰਘ ਨੇ ਜੁੜੀਆਂ ਸੰਗਤਾਂ ਸਨਮੁੱਖ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਸਮਝਾਇਆ ਕਿ ਗੁਰੂ ਸਾਹਿਬ ਜੀ ਨੇ ਸਾਨੂੰ ਕੇਵਲ ਪ੍ਰਭੂ-ਸਿਮਰਨ ਦਾ ਰਾਹ ਦੱਸਿਆ ਹੈ। ਸਿੱਖ ਮੱਤ ਵਿੱਚ ਕਿਸੇ ਕਿਸਮ ਦੇ ਵਹਿਮ-ਭਰਮ-ਪਖੰਡ-ਕਰਮਕਾਂਡ ਵਾਸਤੇ ਕੋਈ ਥਾਂ ਨਹੀਂ, ਪਰ ਅਸੀਂ ਨਾਮ ਸਿਮਰਨ ਦਾ ਮਾਰਗ ਛੱਡ ਕੇ ਕਰਮਕਾਂਡੀ ਮਾਰਗ ਅਪਣਾ ਰਹੇ ਹਾਂ।
ਗੁਰੂ ਸਾਹਿਬ ਜੀ ਨੇ ਸਾਨੂੰ ਤੀਰਥ ਯਾਤਰਾਵਾਂ ਨੂੰ ਰੱਦ ਕਰਦੇ ਹੋਏ ਪ੍ਰਭੂ ਦੇ ਨਾਮ ਨੂੰ ਹੀ ਅਸਲ ਤੀਰਥ ਦੱਸਿਆ ਹੈ। ਪਰ ਅਸੀਂ ਗੁਰਬਾਣੀ ਨਾਮ ਤੀਰਥ ਵਿੱਚ ਅੰਮ੍ਰਿਤ ਵੇਲੇ ਟੁੱਭੀ ਲਾਉਣੀ ਭੁੱਲ ਗਏ ਹਾਂ, ਤੇ ਜਲ ਵਿੱਚ ਇਸ਼ਨਾਨ ਕਰਕੇ ਮੁਕਤੀ ਭਾਲ ਰਹੇ ਹਾਂ। ਅਸੀਂ ਇਹ ਭੁੱਲ ਹੀ ਗਏ ਕਿ ਗੁਰੂ ਸਾਹਿਬ ਨੇ ਸਾਨੂੰ ਸਰੀਰ ਦੇ ਇਸ਼ਨਾਨ ਲਈ ਪਾਣੀ ਤੇ ਮਨ ਦੇ ਇਸ਼ਨਾਨ ਲਈ ਗੁਰਬਾਣੀ ਦਾ ਉਪਦੇਸ਼ ਦਿੱਤਾ ਸੀ।
