ਸਾਇਕਲ ਸਨਅਤਕਾਰਾਂ ਨੇ ਵਿਸ਼ਵ ਸਾਇਕਲ ਦਿਵਸ ਤੇ ਬੰਦ ਹੋ ਰਹੇ ਐਟਲਸ ਸਾਇਕਲ ਨੂੰ ਬਚਾਉਣ ਲਈ ਕੇਂਦਰ ਸਰਕਾਰ ਤੋਂ ਮੰਗੀ ਮੱਦਦ – ਸਾਇਕਲ ਉਦਯੋਗ ਲਈ ਵਿਸ਼ੇਸ਼ ਆਰਥਿਕ ਪੈਕੇਜ਼ ਅਤੇ ਬਰਾਬਰ ਟੈਕਸ ਦੀ ਕੀਤੀ ਮੰਗ – ਯੂ ਸੀ ਪੀ ਐਮ ਏ ਆਗੂਆਂ ਨੇ ਚਲਾਏ ਸਾਇਕਲ

ਨਿਊਜ਼ ਪੰਜਾਬ
ਲੁਧਿਆਣਾ , 3 ਜੂਨ  – ਅੱਜ ਵਿਸ਼ਵ ਸਾਇਕਲ ਦਿਵਸ ਤੇ ਸਾਇਕਲ ਉਦਯੋਗ ਨੇ ਭਾਰਤ ਸਰਕਾਰ ਨੂੰ ਕਿਹਾ ਕਿ ਦੇਸ਼ ਵਿੱਚ ਸਾਇਕਲ ਸਨਅਤ ਨੂੰ ਬਚਾਉਣ ਵਾਸਤੇ ਇੱਕ ਵਿਸ਼ੇਸ਼ ਪੈਕੇਜ਼ ਦਾ ਐਲਾਨ ਕਰੇ | ਇਥੇ ਨਿਊ ਸਾਇਕਲ ਮਾਰਕੀਟ ਵਿਖੇ ਸ਼੍ਰੀ ਅੱਛਰੂ ਰਾਮ ਗੁਪਤਾ ਸੀਨੀਅਰ ਮੀਤ ਪ੍ਰਧਾਨ ਹੋਲਸੇਲ ਸਾਇਕਲ ਡੀਲਰਜ਼ ਐਸੋਸੀਏਸ਼ਨ ਅਤੇ ਯੂ ਸੀ ਪੀ ਐਮ ਏ ਦੇ ਵਿੱਤ ਸਕੱਤਰ ਦੀ ਅਗਵਾਈ ਵਿੱਚ ਜੁੜੇ ਸਾਇਕਲ ਸਨਅਤਕਾਰਾਂ ਨੇ ਯੂਨਾਈਟਡ ਸਾਇਕਲ ਐਂਡ ਪਾਰਟਸ ਮਨੂਫੈਕਚ੍ਰਰਜ਼ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਸ੍ਰ.ਗੁਰਚਰਨ ਸਿੰਘ ਜੈਮਕੋ , ਜਨਰਲ ਸਕੱਤਰ ਸ੍ਰ.ਮਨਜਿੰਦਰ ਸਿੰਘ ਸਚਦੇਵਾ , ਪ੍ਰਚਾਰ ਸਕੱਤਰ ਸ੍ਰ.ਰਾਜਿੰਦਰ ਸਿੰਘ ਸਰਹਾਲੀ ਅਤੇ ਜ਼ . ਸਕੱਤਰ ਸ਼੍ਰੀ ਵਲਾਇਤੀ ਦਾਸ ਦੁਰਗਾ ਨੇ ਮਾਰਕੀਟ ਵਿੱਚ ਸਾਇਕਲ ਚਲਾ ਕੇ ਅੱਜ ਵਿਸ਼ਵ ਸਾਇਕਲ ਦਿਵਸ ਤੇ ਦੇਸ਼ ਦੇ ਸਭ ਤੋਂ ਪੁਰਾਣੇ ਐਟਲਸ ਸਾਇਕਲ ਦੇ ਆਰਥਿਕ ਤੰਗੀਆਂ ਕਾਰਨ ਬੰਦ ਹੋਣ ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕੇਂਦਰੀ ਵਿੱਤ ਮੰਤਰੀ ਵਲੋਂ ਐਲਾਨ ਕੀਤੇ 20 ਲੱਖ ਕਰੋੜ ਰੁਪਏ ਦੇ ਪੈਕੇਜ਼ ਵਿੱਚੋ ਸਾਇਕਲ ਉਦਯੋਗ ਲਈ ਇੱਕ ਵਿਸ਼ੇਸ਼ ਪੈਕੇਜ਼ ਦਾ ਐਲਾਨ ਕੀਤਾ ਜਾਵੇ , ਆਗੂਆਂ ਨੇ ਕਿਹਾ ਅਧੂਰੇ ਪੈਕੇਜ਼ ਕਾਰਨ ਹੀ ਦੇਸ਼ ਦਾ ਇੱਕ ਪ੍ਰਮੁੱਖ ਸਾਇਕਲ ਨਿਰਮਾਤਾ ਨੂੰ ਦੁਖਦਾਈ ਕਦਮ ਚੁਕਦਿਆਂ ਉਦਯੋਗ ਨੂੰ ਬੰਦ ਕਰਨਾ ਪਿਆ |                                                                                                                                                      ਆਗੂਆਂ ਨੇ ਕਿਹਾ ਕਿ ਜੇ ਸਰਕਾਰ ਨੇ ਸਾਇਕਲ ਉਦਯੋਗ ਵੱਲ ਧਿਆਨ ਨਾ ਦਿੱਤਾ ਤਾ ਕੋਰੋਨਾ ਮਹਾਂਮਾਰੀ ਦੇ ਕਾਰਨ ਦੇਸ਼ ਦਾ ਸਾਇਕਲ ਉਦਯੋਗ ਪੂਰੀ ਤਰ੍ਹਾਂ ਤਬਾਹ ਹੋ ਜਾਵੇਗਾ | ਉਨ੍ਹਾਂ ਕਿਹਾ ਕਿ ਇਸ ਸਮੇ ਸਾਇਕਲ ਸਨਅਤਕਾਰ ਬੈੰਕਾਂ ਦੀ ਵਿਆਜ਼ ਅਤੇ ਭਾਰੀ ਕਰਜ਼ਿਆਂ ਵਿੱਚ ਦੱਬੇ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਬਚਾਉਣ ਦੀ ਲੋੜ ਹੈ |
                                                                             ਸ਼੍ਰੀ ਅੱਛਰੂ ਰਾਮ ਗੁਪਤਾ ਅਤੇ  ਸਾਇਕਲ ਸਨਅਤ ਦੇ ਆਗੂਆਂ ਨੇ ਕਿਹਾ ਕਿ ਜੀ ਐਸ ਟੀ ਦੀਆਂ ਗਲਤ ਨੀਤੀਆਂ ਕਾਰਨ ਅੱਜ ਸਾਇਕਲ ਉਦਯੋਗ ਦੇ ਕਰੋੜਾਂ ਰੁਪਏ ਸਰਕਾਰ ਕੋਲ  ਜੀ ਐਸ ਟੀ ਰਿਫੰਡ ਲੈਣ ਲਈ ਬਕਾਇਆ ਖੜੇ ਹਨ ਜੇ ਕੇਂਦਰ ਸਰਕਾਰ ਨੇ ਰਿਫੰਡ ਨਾ ਦਿੱਤਾ ਤਾ ਕਈ ਹੋਰ ਉਦਯੋਗ ਵੀ ਬੰਦ ਹੋਣ ਕਿਨਾਰੇ ਪਹੁੰਚ ਜਾਣਗੇ | ਆਗੂਆਂ ਨੇ ਜੀ ਐਸ ਟੀ ਕੌਂਸਲ ਤੋਂ ਮੰਗ ਕੀਤੀ ਕਿ ਸਾਇਕਲ ਨੂੰ ਵੇਚਣ ਅਤੇ ਰਾਅ – ਮਟੀਰੀਅਲ ਖਰੀਦਣ ਉਪਰ ਟੈਕਸ ਦਰ ਇੱਕ – ਸਾਰ ( ਬਰਾਬਰ ) ਕੀਤੀ ਜਾਵੇ | ਉਨ੍ਹਾਂ ਨਾਲ ਹੀ ਕਿਹਾ ਕਿ 75 ਸਾਲ ਪੁਰਾਣੇ ਸਾਇਕਲ ਉਦਯੋਗ ਨੂੰ ਨਵੀਨੀ ਕਰਨ ਵਾਸਤੇ ਮੱਦਦ ਦਿਤੀ ਜਾਵੇ ਤਾ ਹੀ ਮੇਕ ਇਨ ਇੰਡੀਆ ਦਾ ਨਾਹਰਾ ਸਫਲ ਹੋ ਸਕੇਗਾ |
                                                                            ਪੰਜਾਬ ਸਰਕਾਰ ਸ਼ਹਿਰਾਂ ਵਿੱਚ ਸਾਇਕਲ ਸਵਾਰੀ ਨੂੰ ਉਤਸਾਹਤ ਕਰਨ ਲਈ ਸਾਇਕਲ ਚਲਾਉਣ ਲਈ ਵੱਖਰੀਆਂ ਸੜਕਾਂ ਬਣਾਵੇ ਜਿਸ ਨਾਲ ਸਾਇਕਲ ਸਵਾਰਾ ਨੂੰ ਸੁਰਖਿਆ ਪ੍ਰਦਾਨ ਕੀਤੀ ਜਾ ਸਕੇ |