ਝੋਨੇ ਦੇ ਬੀਜ ਘੁਟਾਲੇ ਦਾ ਪਰਦਾਫ਼ਾਸ਼, ਲੁਧਿਆਣਾ ਤੋਂ ਨਿੱਜੀ ਫਰਮ ਦਾ ਮਾਲਕ ਕਾਬੂ, ਸਟੋਰ ਸੀਲ
ਲੁਧਿਆਣਾ, 31 ਮਈ (ਨਿਊਜ਼ ਪੰਜਾਬ)-ਪੰਜਾਬ ਪੁਲਿਸ ਨੇ ਲੁਧਿਆਣਾ ਤੋਂ ਇੱਕ ਨਿੱਜੀ ਬੀਜ ਫਰਮ ਦੇ ਮਾਲਕ ਦੀ ਗਿ੍ਰਫਤਾਰੀ ਨਾਲ ਪੰਜਾਬ ਵਿੱਚ ਝੋਨੇ ਦੇ ਬੀਜ ਘੁਟਾਲੇ ਦਾ ਪਰਦਾਫਾਸ਼ ਕੀਤਾ ਹੈ ਜੋ ਕਿ ਝੋਨੇ ਦੀਆਂ ਕੁਝ ਨਵੀਆਂ ਵਿਕਸਤ ਕਿਸਮਾਂ ਦੇ ਰੂਪ ਵਿੱਚ ਉਨਾਂ ਕਿਸਮਾਂ ਦੇ ਬੀਜਾਂ ਨੂੰ ਭਾਰੀ ਕੀਮਤਾਂ ‘ਤੇ ਕਿਸਾਨਾਂ ਨੂੰ ਜਾਅਲੀ ਬੀਜ ਵੇਚਦਾ ਸੀ, ਜਿਸ ਦੀ ਅਜੇ ਤੱਕ ਕੇਂਦਰੀ ਬੀਜ ਸੂਚੀਕਰਨ ਕਮੇਟੀ ਵੱਲੋਂ ਵਪਾਰਕ ਮਾਰਕੀਟਿੰਗ ਲਈ ਪ੍ਰਵਾਨਗੀ ਵੀ ਨਹੀਂ ਹੋਈ ਸੀ।
ਇਸ ਬਾਰੇ ਡੀਜੀਪੀ ਦਿਨਕਰ ਗੁਪਤਾ ਨੇ ਖੁਲਾਸਾ ਕੀਤਾ ਹੈ ਕਿ ਲੁਧਿਆਣਾ ਸਥਿਤ ਇੱਕ ਨਿੱਜੀ ਫਰਮ ‘ਬਰਾੜ ਬੀਜ ਸਟੋਰ’ ਵਜੋਂ ਪਛਾਣ ਹੋਈ ਹੈ, ਜਿਸਦੀ ਮਾਲਕੀ ਹਰਵਿੰਦਰ ਸਿੰਘ ਉਰਫ ਕਾਕਾ ਬਰਾੜ ਦੀ ਹੈ, ਜਿਸ ਨੂੰ ਲੁਧਿਆਣਾ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਗਿ੍ਰਫਤਾਰ ਕਰ ਲਿਆ ਹੈ। ਪੀ.ਏ.ਯੂ. ਗੇਟ ਨੰਬਰ 1, ਲੁਧਿਆਣਾ ਦੇ ਬਿਲਕੁਲ ਸਾਹਮਣੇ ਚਲਦੇ ਬਰਾੜ ਬੀਜ ਸਟੋਰ ਦਾ ਲਾਇਸੈਂਸ ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇ ਉਸ ਦੁਕਾਨ ਨੂੰ ਸੀਲ ਕਰ ਦਿੱਤਾ ਗਿਆ ਹੈ।
ਡੀ.ਜੀ.ਪੀ. ਨੇ ਦੱਸਿਆ ਕਿ ਇਸ ਕੇਸ ਵਿਚ ਐਫਆਈਆਰ ਨੰ. 116 ਮਿਤੀ 11.05.2020 ਅਧੀਨ ਧਾਰਾ 2, 3, 7 ਜਰੂਰੀ ਵਸਤਾਂ ਕਾਨੂੰਨ ਅਤੇ ਬੀਜ ਕੰਟਰੋਲ ਐਕਟ ਦੀ ਧਾਰਾ 3 ਅਧੀਨ ਪਹਿਲਾਂ ਹੀ ਇਕ ਕੇਸ ਥਾਣਾ ਡਿਵੀਜਨ ਨੰਬਰ 5, ਲੁਧਿਆਣਾ ਵਿਖੇ ਦਰਜ ਕੀਤਾ ਗਿਆ ਸੀ। ਇਸ ਕੇਸ ਵਿਚ ਹਰਦਿਆਲ ਸਿੰਘ ਦੇ ਪੁੱਤਰ, 56 ਸਾਲਾ ਕਾਕਾ ਬਰਾੜ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਜਾਂਚ ਉਪਰੰਤ ਇਸ ਮਾਮਲੇ ਵਿਚ ਹੋਰ ਗਿ੍ਰਫਤਾਰੀਆਂ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। ਮੁੱਖ ਖੇਤੀਬਾੜੀ ਅਫਸਰ ਲੁਧਿਆਣਾ ਨਰਿੰਦਰ ਸਿੰਘ ਬੈਨੀਪਾਲ ਨੇ ਬਰਾੜ ਦੇ ਬੀਜ ਸਟੋਰ ਦੀ ਪਹਿਲਾਂ ਚੈਕਿੰਗ ਕੀਤੀ ਅਤੇ ਉਸ ਵੱਲੋਂ ਗਲਤ ਬੀਜ ਵੇਚਣ ਪ੍ਰਤੀ ਕਾਰਵਾਈ ਕਰਨ ਦਾ ਸ਼ੱਕ ਪਾਇਆ ਗਿਆ।
ਇਹ ਜਾਣਕਾਰੀ ਦਿੰਦਿਆਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਐਸਆਈਟੀ ਇਸ ਮਾਮਲੇ ਦੀ ਜਾਂਚ ਲਈ ਡਿਪਟੀ ਕਮਿਸਨਰ ਪੁਲਿਸ, ਲੁਧਿਆਣਾ ਦੇ ਰੈਂਕ ਦੇ ਇੱਕ ਸੀਨੀਅਰ ਅਧਿਕਾਰੀ ਦੇ ਅਧੀਨ ਬਣਾਈ ਗਈ ਹੈ। ਮੁੱਖ ਖੇਤੀਬਾੜੀ ਅਫਸਰ ਨੂੰ ਟੀਮ ਵਿੱਚ ਤਕਨੀਕੀ ਮਾਹਰ ਵਜੋਂ ਸ਼ਾਮਲ ਕੀਤਾ ਗਿਆ ਹੈ।ਐਸ.ਆਈ.ਟੀ. ਦੁਆਰਾ ਮਾਰੇ ਗਏ ਵਿਆਪਕ ਛਾਪਿਆਂ ਦੌਰਾਨ ਬਰਾੜ ਬੀਜ ਸਟੋਰ ਵਿੱਚੋਂ ਬੀਜਾਂ ਦਾ ਵਿਸ਼ਾਲ ਭੰਡਾਰ ਜਬਤ ਕੀਤਾ ਗਿਆ ਹੈ ਅਤੇ ਨਮੂਨੇ ਵਿਸ਼ਲੇਸਣ ਲਈ ਖੇਤੀਬਾੜੀ ਵਿਭਾਗ ਦੀ ਲੈਬਾਰਟਰੀ ਨੂੰ ਭੇਜੇ ਗਏ। ਅਗਰਵਾਲ ਨੇ ਕਿਹਾ ਕਿ ਵਿਸਲੇਸ਼ਣ ਤੋਂ ਕੁੱਝ ਬੀਜ ਜ਼ਾਅਲੀ ਪਾਏ ਗਏ ਦੱਸੇ ਜਾ ਰਹੇ ਹਨ।ਮੁੱਢਲੀ ਪੜਤਾਲ ਦਰਸਾਉਂਦੀ ਹੈ ਕਿ ਬਰਾੜ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.) ਦੁਆਰਾ ਵਿਕਸਤ ਕੀਤੀਆਂ ਗਈਆਂ ਝੋਨੇ ਦੀਆਂ ਨਵੀਂਆਂ ਕਿਸਮਾਂ ਦੇ ਨਾਮ (ਪੀ.ਆਰ. 128 ਅਤੇ ਪੀ.ਆਰ. 129) ਦੀ ਵਰਤੋਂ ਕਰਕੇ ਜਾਅਲੀ ਬੀਜ ਵੇਚ ਕੇ ਕਿਸਾਨਾਂ ਨਾਲ ਧੋਖਾ ਕਰ ਰਿਹਾ ਸੀ। ਇਤਫਾਕਨ, ਪੀਏਯੂ ਨੇ ਅਜੇ ਵਪਾਰਕ ਤੌਰ ‘ਤੇ ਉਨਾਂ ਬੀਜਾਂ ਦਾ ਉਤਪਾਦਨ ਕਰਨਾ ਹੈ ਤੇ ਹਾਲੇ ਤੱਕ ਕਿਸੇ ਵੀ ਨਿੱਜੀ ਕੰਪਨੀ ਨੂੰ ਸਪਲਾਈ ਨਹੀਂ ਕੀਤੇ ਗਏ ਸਨ।ਜ਼ਾਅਲੀ ਬੀਜਾਂ ਦੀ ਬ੍ਰਾਮਦਗੀ ਅਤੇ ਜ਼ਬਤ ਹੋਣ ਤੋਂ ਬਾਅਦ ਜਿਲਾ ਪ੍ਰਸਾਸਨ ਨੇ ਪੁਲਿਸ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਮਿਲ ਕੇ ਲੁਧਿਆਣਾ ਵਿੱਚ ਬੀਜ ਵੇਚਣ ਵਾਲੀਆਂ ਦੁਕਾਨਾਂ ਦੀ ਵਿਆਪਕ ਚੈਕਿੰਗ ਕੀਤੀ ਅਤੇ ਵੇਚੇ ਜਾ ਰਹੇ ਬੀਜਾਂ ਦੇ ਨਮੂਨੇ ਵੀ ਲਏ। ਇਹ ਨਮੂਨੇ ਲੈਬਾਰਟਰੀ ਜਾਂਚ ਲਈ ਭੇਜੇ ਗਏ ਹਨ।ਜਿਲਾ ਪੁਲਿਸ ਨੇ ਹੈਲਪਲਾਈਨ ਨੰਬਰ 9115601160, 9115601161 ਵੀ ਜਾਰੀ ਕੀਤੇ ਹਨ, ਤਾਂ ਜੋ ਬੀਜ ਵੇਚਣ ਵਾਲੀਆਂ ਦੁਕਾਨਾਂ ਦੁਆਰਾ ਵੱਧ ਵਸੂਲੀ ਕਰਨ ਅਤੇ ਬੀਜਾਂ ਅਤੇ ਖਾਦ ਦੀ ਗੁਣਵਤਾ ਬਾਰੇ ਕਿਸੇ ਸ਼ੱਕ ਦੀ ਸ਼ਿਕਾਇਤ ਕੀਤੀ ਜਾ ਸਕੇ।